ਲੋਨ ਪਾਸ ਕਰਨ ਬਦਲੇ ਬੈਂਕ ਮੈਨੇਜਰ ਨੇ ਮੰਗੀ 20 ਹਜ਼ਾਰ ਰੁਪਏ ਦੀ ਰਿਸ਼ਵਤ
ਸੰਗਤ ਮੰਡੀ :- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਇਕ ਨਿੱਜੀ ਬੈਂਕ ਦੇ ਮੈਨੇਜਰ ’ਤੇ ਪਿੰਡ ਦੇ ਗਰੀਬ ਵਿਅਕਤੀ ਤੋਂ 50 ਹਜ਼ਾਰ ਰੁਪਏ ਦਾ ਲੋਨ ਦੇਣ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਲਾਉਂਦਿਆਂ ਪਿੰਡ ਵਾਸੀਆਂ ਵਲੋਂ ਬੈਂਕ ਅੱਗੇ ਇਕੱਠੇ ਹੋ ਕੇ ਮੈਨੇਜਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਗੀਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਕਰੀਆਂ ਪਾਲਣ ਵਾਲੇ ਵਿਅਕਤੀ ਸਮੌਰ ਸਿੰਘ ਉਰਫ ਮਾਟਾ ਪੁੱਤਰ ਬੀਰ ਸਿੰਘ ਵੱਲੋਂ ਬੈਂਕ ਤੋਂ 50 ਹਜ਼ਾਰ ਲੋਨ ਲੈਣ ਲਈ ਅਰਜ਼ੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਬੈਂਕ ਮੈਨੇਜਰ ਨੇ ਮਾਟਾ ਸਿੰਘ ਨੂੰ ਲੋਨ ਲੈਣ ਲਈ ਗਾਰੰਟਰ ਲੱਭ ਕੇ ਲਿਆਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਮਾਟਾ ਸਿੰਘ ਵਾਰੀ-ਵਾਰੀ ਕਰ ਕੇ ਲਗਭਗ 20 ਵਿਅਕਤੀਆਂ ਨੂੰ ਬੈਂਕ ’ਚ ਗਾਰੰਟਰ ਵਜੋਂ ਲੈ ਕੇ ਗਿਆ ਪਰ ਬੈਂਕ ਮੈਨੇਜਰ ਨੇ ਫਿਰ ਵੀ ਕਰਜ਼ਾ ਦੇਣ ਤੋਂ ਨਾਂਹ ਕਰ ਕੇ ਲੋਨ ਬਦਲੇ 20 ਹਜ਼ਾਰ ਦੀ ਰਿਸ਼ਵਤ ਮੰਗਦਿਆਂ ਮਾਟਾ ਸਿੰਘ ਨੂੰ ਵਿਸ਼ਵਾਸ ਦਵਾਇਆ ਕਿ ਉਸ ਨੂੰ ਲੋਨ ਜਲਦੀ ਹੀ ਮਿਲ ਜਾਵੇਗਾ ਅਤੇ ਕਿਸੇ ਗਾਰੰਟਰ ਦੀ ਵੀ ਕੋਈ ਲੋਡ਼ ਨਹੀਂ। ਮਾਟਾ ਸਿੰਘ ਨੇ ਜਦ ਇਹ ਸਾਰੀ ਗੱਲ ਪਿੰਡ ਵਾਸੀਆਂ ਨੂੰ ਦੱਸੀ ਤਾਂ ਉਨ੍ਹਾਂ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਦੀ ਸਹਾਇਤਾ ਨਾਲ ਬੈਂਕ ਦੇ ਮੁੱਖ ਗੇਟ ਅੱਗੇ ਇਕੱਠੇ ਹੋ ਕੇ ਬੈਂਕ ਮੈਨੇਜਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਰਿਸ਼ਵਤਖੋਰ ਮੈਨੇਜਰ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਇਸ ਨੂੰ ਇਸ ਬ੍ਰਾਂਚ ਤੋਂ ਤੁਰੰਤ ਬਦਲਿਆ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਬੈਂਕ ਮੈਨੇਜਰ ’ਤੇ ਪਹਿਲਾਂ ਵੀ ਰਿਸ਼ਵਤ ਮੰਗਣ ਦੇ ਦੋਸ਼ ਲੱਗ ਚੁੱਕੇ ਹਨ।
ਕੀ ਕਹਿੰਦੇ ਨੇ ਬੈਂਕ ਮੈਨੇਜਰ
ਇਸ ਸਬੰਧੀ ਬੈਂਕ ਮੈਨੇਜਰ ਅੰਮ੍ਰਿਤਪਾਲ ਗਰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸੇ ਤੋਂ ਵੀ ਰਿਸ਼ਵਤ ਦੀ ਮੰਗ ਨਹੀਂ ਕੀਤੀ ਗਈ, ਪਿੰਡ ਵਾਸੀਆਂ ਉਨ੍ਹਾਂ ’ਤੇ ਝੂਠਾ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਟਾ ਸਿੰਘ ਜੋ ਵੀ ਉਨ੍ਹਾਂ ਕੋਲ ਗਾਰੰਟਰ ਲੈ ਕੇ ਆਇਆ ਉਹ ਸਾਰੇ ਦੇ ਸਾਰੇ ਬੈਂਕ ਦੇ ਡਿਫਾਲਟਰ ਹਨ ਜਿਸ ਕਾਰਣ ਉਸ ਦਾ ਲੋਨ ਪਾਸ ਨਹੀਂ ਹੋ ਸਕਿਆ।