ਸਕੂਲ ਬੱਚਿਆਂ ਨਾਲ ਭਰਿਆ ਟੈਂਪੂ ਹੋਇਆ ਹਾਦਸੇ ਦਾ ਸ਼ਿਕਾਰ, ਤਿੰਨ ਬੱਚੇ ਜ਼ਖਮੀ

ਸ੍ਰੀ ਮੁਕਤਸਰ ਸਾਹਿਬ:- ਸ੍ਰੀ ਮੁਤਕਸਰ ਸਾਹਿਬ ਦੇ ਪਿੰਡ ਵੜਿੰਗ ਅਤੇ ਪਿੰਡ ਹਰਾਜ ਵਿਚਾਲੇ ਸਕੂਲ ਬੱਚਿਆਂ ਨਾਲ ਭਰਿਆ ਟੈਂਪੂ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੀ ਵੀਡੀਓ ਮੌਕੇ 'ਤੇ ਮੌਜੂਦ ਲੋਕਾਂ ਨੇ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜੋ ਬਹੁਤ ਵਾਇਰਲ ਹੋ ਰਹੀ ਹੈ। ਟੈਂਪੂ 'ਚ ਸਵਾਰ ਤਿੰਨ ਬੱਚੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜੇਲੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਹਾਦਸੇ 'ਚ ਜ਼ਖਮੀ ਹੋਏ ਬੱਚੇ ਪਿੰਡ ਕੋਟਲੀ ਸੰਘਰ ਸਕੂਲ ਦੇ ਵਿਦਿਆਰਥੀ ਹਨ। ਸੱਟਾਂ ਲੱਗਣ ਕਾਰਨ ਬੱਚੇ ਦਰਦ ਨਾਲ ਕਰਾਹ ਰਹੇ ਹਨ, ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਹੌਂਸਲਾ ਦਿੰਦੇ ਹੋਏ ਸ਼ਾਂਤ ਕਰਵਾਇਆ। ਪਿੰਡ ਵਾਸੀਆਂ ਵਲੋਂ ਇਸ ਹਾਦਸੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਪਰ ਹਾਦਸੇ ਕਿਸ ਕਾਰਨ ਵਾਪਰਿਆ ਫਿਲਹਾਲ ਇਸ ਦਾ ਖੁਲਾਸਾ ਅਜੇ ਨਹੀਂ ਹੋ ਸਕਿਆ। ਦੱਸ ਦੇਈਏ ਕਿ ਸੰਗਰੂਰ ਵੈਨ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਦਿਨ ਤੱਕ ਸਕੂਲ ਵਾਹਨ ਚਾਲਕਾਂ 'ਤੇ ਸਖਤ ਰੁੱਖ ਇਖਤਿਆਰ ਕੀਤਾ ਸੀ ਅਤੇ ਧੱੜਲੇ ਨਾਲ ਚਲਾਨ ਕੱਟੇ ਗਏ, ਜਿਸ ਦਾ ਸਕੂਲ ਵਾਹਨ ਚਾਲਕਾਂ ਵਲੋਂ ਵਿਰੋਧ ਕੀਤਾ ਗਿਆ। ਕੁਝ ਸਮਾਂ ਕਾਰਵਾਈ ਹੋਣ ਤੋਂ ਬਾਅਦ ਇਹ ਮਾਮਲਾ ਹੁਣ ਠੰਡੇ ਬਸਤੇ 'ਚ ਪੈ ਗਿਆ, ਜਿਸ ਕਰਕੇ ਹਾਦਸੇ ਹੋ ਰਹੇ ਹਨ।