ਅਧਿਆਪਕ ਦਿਵਸ ਮੌਕੇ ਬੁਰਜ ਸਿੱਧਵਾਂ ਸਕੂਲ ਦੇ ਚਾਰ ਅਧਿਆਪਕਾਂ ਦਾ ਸਨਮਾਨ

ਮਲੋਟ (ਹੈਪੀ) :- ਅਧਿਆਪਕ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਵਧੀਆ ਕਾਰਗੁਜਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ । ਇਸ ਸਬੰਧੀ ਸਕੂਲ ਵਿਖੇ ਰੱਖੇ ਇਕ ਸਮਾਗਮ ਦੌਰਾਨ ਪ੍ਰਿੰਸੀਪਲ ਸੰਤ ਰਾਮ ਨੇ ਲੈਕਚਰਾਰ ਪੋਲ ਸਾਇੰਸ ਮਹਿੰਦਰ ਸਿੰਘ, ਸਾਇੰਸ ਅਧਿਆਪਕਾ ਗੁਰਮੀਤ ਕੌਰ, ਮੈਥ ਟੀਚਰ ਮੈਡਮ ਸ਼ੁਸ਼ੀਲਾ ਰਾਣੀ ਅਤੇ ਕੰਪਿਊਟਰ ਟੀਚਰ ਰਜਨੀ ਬਾਲਾ ਨੂੰ ਸਨਮਾਨ ਚਿਣ ਭੇਂਟ ਕੀਤਾ ਗਿਆ । ਪ੍ਰਿੰਸੀਪਲ ਸੰਤ ਰਾਮ ਨੇ ਕਿਹਾ ਕਿ ਵੈਸੇ ਤਾਂ ਇਸ ਸਕੂਲ ਦੇ ਸਾਰੇ ਹੀ ਅਧਿਆਪਕ ਬਹੁਤ ਮਿਹਨਤੀ ਹਨ ਪਰ ਇਹਨਾਂ ਅਧਿਆਪਕਾਂ ਨੇ ਸੌ ਫੀਸਦੀ ਨਤੀਜੇ ਦੇ ਨਾਲ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਭਾਗ ਲੈਣ ਤੋ ਇਲਾਵਾ ਸਕੂਲ ਦੇ ਹੋਰ ਕੰਮਾਂ ਵਿਚ ਹਮੇਸ਼ਾਂ ਅੱਗੇ ਹੋ ਕੇ ਭਾਗ ਲਿਆ ਹੈ । ਸ਼ਲਾਘਾਯੋਗ ਕੰਮਾਂ ਦੇ ਸਨਮਾਨ ਨਾਲ ਜਿਥੇ ਇਹਨਾਂ ਅਧਿਆਪਕਾਂ ਨੂੰ ਹੌਂਸਲਾ ਮਿਲੇਗਾ ਉਥੇ ਹੀ ਬਾਕੀ ਅਧਿਆਪਕਾਂ ਨੂੰ ਵੀ ਪ੍ਰੇਰਨਾ ਮਿਲੇਗੀ । ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਰਮਨ ਮਹਿਤਾ ਨੇ ਬਖੂਬੀ ਨਿਭਾਈ । ਜਿਕਰਯੋਗ ਹੈ ਸਾਇੰਸ ਅਧਿਆਪਕਾ ਮੈਡਮ ਗੁਰਮੀਤ ਕੌਰ ਬੀਤੇ ਸਾਲ ਸੂਬਾ ਪੱਧਰ ਤੇ ਵੀ ਸਨਮਾਨ ਪ੍ਰਾਪਤ ਕਰ ਚੁੱਕੇ ਹਨ । ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ ।