ਪੋਸ਼ਣ ਮਾਹ ਦੇ ਸਬੰਧ ਵਿਚ ਕਰਵਾਇਆ ਜ਼ਿਲ੍ਹਾ ਪੱਧਰੀ ਸਮਾਗਮ
ਮਲੋਟ:- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਰਕ ਸ: ਅਜਾਇਬ ਸਿੰਘ ਭੱਟੀ ਨੇ ਜ਼ਿਲਾ ਪ੍ਰਸ਼ਾਸਨ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਜ਼ਿਲਾ ਪੱਧਰੀ ਪੋਸ਼ਣ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਸਿਹਤ ਸੰਭਾਲ ਦਾ ਸੱਦਾ ਦਿੰਦਿਆਂ ਕਿਹਾ ਕਿ ਇਕ ਸਿਹਤਮੰਦ ਸਮਾਜ ਹੀ ਆਰਥਿਕ ਤੌਰ ਤੇ ਤਰੱਕੀ ਕਰ ਸਕਦਾ ਹੈ। ਉਨਾਂ ਨੇ ਸਿਹਤ ਸੰਭਾਲ ਲਈ ਸਾਡੇ ਵਿਰਾਸਤੀ ਗਿਆਨ ਦਾ ਅਨੁਸਰਨ ਕਰਨ ਲਈ ਆਖਦਿਆਂ ਕਿਹਾ ਕਿ ਸਾਡੇ ਬਜੁਰਗਾਂ ਨੇ ਕੁਦਰਤੀ ਤਰੀਕਿਆਂ ਦੀ ਖੋਜ ਕੀਤੀ ਸੀ ਜਿਸ ਨਾਲ ਅਸੀਂ ਸਿਹਤਮੰਦ ਰਹਿ ਸਕਦੇ ਸਾਂ। ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਸਵੇਰੇ ਜਲਦੀ ਜਾਗਣਾ, ਸਵੇਰ ਦੀ ਸ਼ੈਰ, ਘੱਟ ਪਰ ਸੰਤੁਲਿਤ ਖੁਰਾਕ ਖਾਣ ਨਾਲ ਅਸੀਂ ਸਿਹਤਮੰਦ ਰਹਿ ਸਕਦੇ ਹਾਂ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਦਾ ਹਿੱਸਾ ਬਣ ਸਕਦੇ ਹਾਂ। ਉਨਾਂ ਨੇ ਵਿਸੇੇਸ਼ ਤੌਰ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਕਾਰਗੁਜਾਰੀ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਵਿਭਾਗ ਦਾ ਕੰਮ ਸਮਾਜ ਵਿਚ ਸਭ ਤੋਂ ਮਹੱਤਵਪੂਰਨ ਹੈ। ਉਨਾਂ ਨੇ ਕਿਹਾ ਕਿ ਗਰਭਵਤੀ ਔਰਤਾਂ, ਦੁੱਧ ਪਿਲਾਊਂਦੀਆਂ ਮਾਂਵਾਂ, ਛੋਟੇ ਬੱਚਿਆਂ ਅਤੇ ਕਿਸੋਰੀਆਂ ਦੀ ਜੇਕਰ ਸਿਹਤ ਚੰਗੀ ਹੋਵੇਗੀ ਤਾਂ ਸਮਝੋ ਸਾਡਾ ਪੂਰਾ ਸਮਾਜ ਸਿਹਤਮੰਦ ਹੋਵੇਗਾ। ਉਨਾਂ ਕਿਹਾ ਕਿ ਚੰਗੀ ਖੁਰਾਕ ਦਾ ਸਾਡੀ ਤੰਦਰੁਸਤੀ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬੱਚਿਆਂ, ਔਰਤਾਂ, ਕਿਸ਼ੋਰੀਆਂ ਦੀ ਸਿਹਤ ਸੰਭਾਲ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਨੇ ਵਿਭਾਗ ਵੱਲੋਂ ਮਨਾਏ ਪੋਸ਼ਣ ਮਾਹ ਦਾ ਜਿਕਰ ਕਰਦਿਆਂ ਕਿਹਾ ਕਿ ਵਿਭਾਗ ਦੇ ਇਸ ਅਭਿਆਨ ਨਾਲ ਲੋਕਾਂ ਵਿਚ ਚੰਗੀ ਖੁਰਾਕ, ਟੀਕਾਕਰਨ ਪ੍ਰਤੀ ਜਾਗਰੁਕਤਾ ਵੱਧੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਸ: ਗੁਰਮੀਤ ਸਿੰਘ ਖੁੱਡੀਆਂ ਨੇ ਸੰਬੋਧਨ ਵਿਚ ਸਾਡੀਆਂ ਵਿਰਾਸਤੀ ਖੁਰਾਕਾਂ ਦੇ ਮਹੱਤਵ ਬਾਰੇ ਦੱਸਿਆ। ਏ.ਡੀ.ਸੀ. ਵਿਕਾਸ ਸ: ਐਚ.ਐਸ. ਸਰਾਂ ਅਤੇ ਐਸ.ਡੀ.ਐਮ. ਸ: ਗੋਪਾਲ ਸਿੰਘ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਨੇ ਸਭ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਦੱਸਿਆ ਕਿ ਵਿਭਾਗ ਵੱਲੋਂ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ 1 ਸਤੰਬਰ ਤੋਂ ਪੋਸ਼ਣ ਮਾਹ ਤਹਿਤ ਜ਼ਿਲੇ ਵਿਚ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਸਿੱਖਿਆ ਵਿਭਾਗ ਤੋਂ ਸ੍ਰੀਮਤੀ ਸੁਮਨਪ੍ਰੀਤ ਕੌਰ ਨੇ ਬੱਚਿਆਂ ਤੇ ਜੰਕ ਫੂਡ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਸੀਡੀਪੀਓ ਗੁਰਜੀਤ ਕੌਰ ਨੇ ਪੋਸ਼ਣ ਮਾਹ ਦੌਰਾਨ ਹੋਈਆਂ ਵੱਖ ਵੱਖ ਗਤੀਵਿਧੀਆਂ ਦੀ ਰਿਪੋਟ ਪੇਸ਼ ਕੀਤੀ। ਇਸ ਮੌਕੇ 31 ਗਰਭਵਤੀ ਔਰਤਾਂ ਦੀ ਗੋਦ ਭਰਾਈ ਦੀ ਰਸਮ ਵੀ ਕੀਤੀ ਗਈ।
ਇਸ ਮੌਕੇ ਵਿਭਾਗ ਵੱਲੋਂ ਇਕ ਨਿਵੇਕਲੀ ਪਿਰਤ ਪਾਉਂਦਿਆਂ ਮੁੱਖ ਮਹਿਮਾਨ ਸਮੇਤ ਹੋਰ ਮਹਿਮਾਨਾਂ ਨੂੰ ਸਮਾਗਮ ਦੀ ਯਾਦਗਾਰ ਵਜੋਂ ਪੌਦੇ ਭੇਂਟ ਕੀਤੇ ਗਏ। ਇਸ ਮੌਕੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੌਸ਼ਟਿਕ ਖੁਰਾਕ, ਪੁਰਾਤਨ ਬਰਤਨਾਂ, ਫੁਲਕਾਰੀਆਂ ਅਤੇ ਹੋਰ ਕਲਾਿਤਾਂ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਪੋਸ਼ਣ ਮਾਹ ਦੌਰਾਨ ਵਿਭਾਗ ਦੇ ਸਹਿਯੋਗ ਕਰਨ ਵਾਲੇ ਵਿਭਾਗਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਸੁਪਰਵਾਈਜਰਾਂ ਅਤੇ ਆਂਗਣਬਾੜੀ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਕਾ ਕੇਰਾ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ: ਨਵਦੀਪ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ: ਮਲਕੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਬਲਜੀਤ ਕੁਮਾਰ, ਸੀਡੀਪੀਓ ਪਰਮਜੀਤ ਕੌਰ ਅਤੇ ਗੁਰਜੀਤ ਕੌਰ, ਬਲਾਕ ਕਾਂਗਰਸ ਪ੍ਰਧਾਨ ਮਲੋਟ ਸ੍ਰੀ ਨੱਥੂ ਰਾਮ ਗਾਂਧੀ, ਬਲਾਕ ਕਾਂਗਰਸ ਪ੍ਰਧਾਨ ਲੰਬੀ ਸ: ਗੁਰਬਾਜ ਸਿੰਘ ਵਨਵਾਲਾ, ਮਾਸਟਰ ਜਸਪਾਲ ਸਿੰਘ, ਸਰਬਜੀਤ ਸਿੰਘ ਕਾਕਾ ਬਰਾੜਾ ਦੋਨੋਂ ਮੈਂਬਰ ਜ਼ਿਲਾ ਪ੍ਰੀਸ਼ਦ, ਨਰ ਸਿੰਘ ਦਾਸ ਚਲਾਣਾ, ਲਾਲੀ ਗਗਨੇਜਾ, ਮੁਨੀਸ਼ ਵਰਮਾ ਆਦਿ ਵੀ ਹਾਜਰ ਸਨ।