ਐੱਸ.ਡੀ.ਐੱਮ ਨੇ ਪਰਾਲੀ ਸਾੜਨ ਵਾਲੇ ਲੋਕਾਂ ਖਿਲਾਫ ਦਿੱਤੇ ਐਫ.ਆਈ.ਆਰ. ਦੇ ਹੁਕਮ

ਮਲੋਟ:- ਮਾਣਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਦੀਆਂ ਪਰਾਲੀ ਸਾੜਨ ਤੋਂ ਰੋਕਣ ਸਬੰਧੀ ਸਖ਼ਤ ਹਦਾਇਤਾ ਦੀ ਪਾਲਣਾ ਸਬੰਧੀ ਮਲੋਟ ਦੇੇ ਐਸ ਡੀ ਐਮ ਸ੍ਰੀ ਗੋਪਾਲ ਸਿੰਘ ਨੇ ਅੱਜ ਉਪਮੰਡਲ ਵਿਚ ਪਰਾਲੀ ਪ੍ਰਬੰਧਨ ਲਈ ਤਾਇਨਾਤ ਕੀਤੇ ਨੋਡਲ ਅਫ਼ਸਰਾਂ ਅਤੇ ਕਲਸਟਰ ਕੋਆਰਡੀਨੇਟਰਾਂ ਨਾਲ ਬੈਠਕ ਕੀਤੀ। ਉਨਾਂ ਨੇ ਕਿਹਾ ਕਿ ਜੋ ਕੋਈ ਵੀ ਅੱਗ ਲਗਾਏਗਾ ਉਸਨੂੰ ਨਿਯਮਾਂ ਅਨੁਸਾਰ ਜੁਰਮਾਨਾ ਕੀਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆ ਖਿਲਾਫ਼ ਐਫ਼ ਆਈ ਆਰ ਵੀ ਦਰਜ ਕੀਤੀ ਜਾਵੇਗੀ। ਉੁਨਾਂ ਨੇ ਦੱਸਿਆ ਕਿ ਬੀਤੇ ਦਿਨ ਪਰਾਲੀ ਸਾੜਨ ਸਬੰਧੀ ਥਾਣਾ ਸਿਟੀ ਲੰਬੀ ਵਿਚ ਦੋ ਅਤੇ ਥਾਣਾ ਕਬਰਵਾਲਾ ਵਿਚ ਤਿੰਨ ਪਰਚੇੇ ਦਰਜ ਕੀਤੇੇ ਗਏ। ਉਨਾਂ ਇਸ ਮੌਕੇ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਪ੍ਰੇਰਿਤ ਕਰਨ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਨਾਂ ਨੇੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਨੁੱਖਤਾ ਦੀ ਰਾਖੀ ਲਈ ਪਰਾਲੀ ਨੂੰ ਅੱਗ ਨਾ ਲਗਾਉਣ। ਉਨਾਂ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਮੌਕੇ ਉਨਾਂ ਨਾਲ ਡੀ ਐਸ ਪੀ ਮਨਮੋਹਨ ਸਿੰਘ, ਤਹਿਸੀਲਦਾਰ, ਬਲਾਕ ਖੇਤੀਬਾੜੀ ਅਫ਼ਸਰ ਹਸਨ ਸਿੰਘ ਵੀ ਹਾਜ਼ਰ ਸਨ। ਬਾਅਦ ਵਿਚ ਉਨਾਂ ਨੇ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਮਿਲ ਕੇ ਪਰਾਲੀ ਨਾ ਸਾੜਨ ਲਈ ਕਿਹਾ। ਇਸ ਦੌਰਾਨ ਜੋ ਲੋਕ ਅੱਗ ਲਗਾਉਂਦੇ ਪਾਏ ਗਏ ਉਨਾਂ ਖਿਲਾਫ਼ ਕਾਰਵਾਈ ਕਰਦਿਆਂ ਐਫ ਆਈ ਆਰ ਦਰਜ ਕਰਵਾਈ ਗਈ ਅਤੇੇ ਚਲਾਨ ਕੀਤੇ ਗਏ।