ਸੰਨੀ ਉਬਰਾਏ ਸਵੈਂ-ਰੋਜ਼ਗਾਰ ਯੋਜਨਾ ਨੋਜਵਾਨਾਂ ਲਈ ਹੋ ਰਹੀ ਹੈ ਵਰਦਾਨ ਸਾਬਿਤ

ਮਲੋਟ (ਸ਼੍ਰੀ ਮੁਕਤਸਰ ਸਾਰਿਬ): ਡਾ. ਐੱਸ.ਪੀ ਸਿੰਘ ਉਬਰਾਏ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸੰਨੀ ਉਬਰਾਏ ਸਵੈਂ-ਰੋਜ਼ਗਾਰ ਯੋਜਨਾ ਸਕੀਮ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫ਼ਤ ਸਿਖਲਾਈ ਸੈਂਟਰ ਖੋਲ੍ਹੇ ਜਾ ਰਹੇ ਹਨ। ਜਿਸ ਵਿੱਚ ਬਿਊਟੀ ਪਾਰਲਰ, ਸਿਲਾਈ ਸਿਖਲਾਈ, ਕੰਪਿਊਟਰ ਸੈਂਟਰ ਆਦਿ ਕੰਮਾਂ ਵਿੱਚ ਨੋਜਵਾਨਾਂ ਨੂੰ ਨਿਪੁੰਨ ਬਣਾਇਆ ਜਾ ਰਿਹਾ ਹੈ ਤਾਂ ਜੋ ਇਹ ਨੋਜਵਾਨ ਗਲਤ ਰਸਤਿਆਂ ਵਿੱਚ ਭਟਕਣ ਦੀ ਬਜਾਏ ਆਪਣੇ-ਆਪਣੇ ਕੰਮਾਂ ਵਿੱਚ ਨਿਪੁੰਨ ਹੋ ਕੇ ਅਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰ ਸਕਣ।

ਸਰਦਾਰ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਅਤੇ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦਿਸ਼ਾ-ਨਿਰਦੇਸ਼ਾਂ ਤੇ ਪਿੰਡ ਸੂਰਘੂਰੀ ਵਿੱਚ 6 ਮਹੀਨੇ ਦਾ ‌ਮੁਫਤ ਸਿਲਾਈ ਕੋਰਸ ਪੂਰਾ ਕਰਨ ਉਪਰੰਤ ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜ਼ੋਨ ਅਤੇ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਅਜਿਹੇ 6 ਸੈਂਟਰ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਚੱਲ ਰਹੇ ਹਨ ਅਤੇ ਇਸ ਤੋਂ ਪਹਿਲਾਂ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਲੜਕੇ ਅਤੇ ਲੜਕੀਆਂ ਕੋਰਸ ਕਰਨ ਉਪਰੰਤ ਆਪਣੇ-ਆਪਣੇ ਪਰਿਵਾਰਾਂ ਦਾ ਵਧੀਆ ਪਾਲਣ ਪੋਸ਼ਣ ਕਰ ਰਹੇ ਹਨ। ਇਸ ਮੌਕੇ ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜਿਲ੍ਹਾ ਪ੍ਰਧਾਨ ਮੁਕਤਸਰ ਸਾਹਿਬ, ਚਰਨਜੀਤ ਸਿੰਘ, ਸੁਖਬੀਰ ਸਿੰਘ ਜ਼ੈਲਦਾਰ, ਸਰਬਜੀਤ ਕੌਰ, ਸਿਲਾਈ ਅਧਿਆਪਕ ਮੈਡਮ ਰਮਨਦੀਪ ਕੌਰ ਅਤੇ ਪਿੰਡ ਦੇ ਪਤਵੰਤੇ ਹਾਜ਼ਿਰ ਸਨ। Author: Malout Live