ਮਾਘੀ ਮੇਲੇ ਦੇ ਮੱਦੇਨਜ਼ਰ ਸ਼ਹਿਰ ਵਿੱਚ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ- ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐੱਸ

ਮਲੋਟ: ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐੱਸ. (ਐੱਸ.ਐੱਸ.ਪੀ) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮੇਲਾ ਮਾਘੀ ਨੂੰ ਮੁੱਖ ਰੱਖਦਿਆਂ ਪੂਰੇ ਸ਼ਹਿਰ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਐੱਸ.ਐੱਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲਾ ਮਾਘੀ ਦੇ ਮੌਕੇ ਸ਼ਹਿਰ ਨੂੰ 07 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਇੰਨ੍ਹਾਂ ਸੈਕਟਰਾਂ ਅੰਦਰ 2 ਕਮਾਂਡੈਟ, 07 ਐੱਸ.ਪੀ ਅਤੇ 20 ਡੀ.ਐੱਸ.ਪੀ ਸਮੇਤ ਕੁੱਲ 4000 ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮੇਲੇ ਮਾਘੀ ਨੂੰ ਲੈ ਕੇ ਸ਼ਹਿਰ ਦੇ ਅੰਦਰ ਆਉਣ ਲਈ ਅਤੇ ਸ਼ਹਿਰ ਦੇ ਬਾਹਰ ਜਾਣ ਲਈ ਕੁੱਲ 57 ਨਾਕੇ ਲਗਾਏ ਗਏ ਹਨ। ਜਿੰਨ੍ਹਾ ਵਿੱਚੋਂ 25 ਨਾਕੇ ਸ਼ਹਿਰ ਦੇ ਬਾਹਰ ਜਾਣ ਵਾਲੇ ਰਸਤਿਆਂ ਤੇ ਅਤੇ 32 ਨਾਕੇ ਸ਼ਹਿਰ ਦੇ ਅੰਦਰ ਲਗਏ ਗਏ ਹਨ। ਇਹਨਾਂ ਨਾਕਿਆਂ ਤੇ ਪੁਲਿਸ ਮੁਲਾਜ਼ਮ ਮੇਲਾ ਮਾਘੀ ਵਿੱਚ ਆਉਣ ਵਾਲੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਦੇ ਰਹਿਣਗੇ ਅਤੇ ਇਸ ਦੇ ਨਾਲ ਮੇਲੇ ਦੌਰਾਨ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 45 ਟ੍ਰੈਫ਼ਿਕ ਪੁਆਇੰਟ ਨਿਰਧਾਰਿਤ ਕੀਤੇ ਗਏ ਹਨ। ਜਿੰਨ੍ਹਾਂ ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਅਤੇ ਟ੍ਰੈਫ਼ਿਕ ਵਿਵਸਥਾ ਨੂੰ ਬਰਕਰਾਰ ਰੱਖਣਗੇ। ਉਹਨਾਂ ਕਿਹਾ ਕਿ 11 ਪੁਲਿਸ ਦੀਆਂ ਪੈਦਲ ਟੀਮਾਂ ਬਣਾਈਆਂ ਗਈਆਂ ਹਨ ਜਿੰਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ ਜੋ ਪੈਦਲ ਆ ਜਾ ਰਹੇ ਸ਼ਰਧਾਲੂਆਂ ਵਿੱਚ ਸ਼ੱਕੀ ਵਿਅਕਤੀਆਂ ਤੇ ਨਿਗਰਾਨੀ ਰੱਖਣਗੇ।

ਉਨ੍ਹਾਂ ਦੱਸਿਆ ਕਿ 12 ਵਾਚ ਟਾਵਰ ਬਣਾਏ ਗਏ ਹਨ, ਇੰਨ੍ਹਾਂ ਵਾਚ ਟਾਵਰਾਂ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਮੇਲਾ ਮਾਘੀ ਅੰਦਰ ਦੂਰਬੀਨ ਰਾਂਹੀ ਨਿਗ੍ਹਾ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਲਾ ਮਾਘੀ ਵਿੱਚ 14 ਪੀ.ਸੀ.ਆਰ ਮੋਟਰਸਾਇਕਲ ਤਾਇਨਾਤ ਕੀਤੇ ਗਏ ਹਨ, ਜਿੰਨ੍ਹਾਂ ਦੀ ਵੱਖ-ਵੱਖ ਏਰੀਏ ਵਿੱਚ ਡਿਊਟੀ ਲਗਾਈ ਗਈ ਹੈ। ਜੋ ਆਪਣੇ ਏਰੀਏ ਵਿੱਚ ਲਗਾਤਾਰ ਗਸ਼ਤ ਕਰਦੇ ਰਹਿਣਗੇ। ਗੁਰਦੁਆਰਾ ਸਾਹਿਬ ਦੇ ਹਰ ਇਕ ਗੇਟ ਅਤੇ ਅੰਦਰ ਪੁਲਿਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਮੇਲਾ ਮਾਘੀ ਦੌਰਾਨ ਬਾਹਰਲੇ ਜਿਲ੍ਹਿਆਂ ਵਿੱਚੋਂ ਆ ਰਹੇ ਸ਼ਰਧਾਲੂਆਂ ਦੇ ਵਹੀਕਲਾਂ ਲਈ 10 ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਰਧਾਲੂ ਆਪਣੇ ਵਹੀਕਲ ਪਾਰਕਿੰਗ ਵਿੱਚ ਲਗਾਉਣ ਤੋਂ ਬਾਅਦ ਦਰਸ਼ਨ ਲਈ ਜਾ ਸਕਦੇ ਹਨ। ਮੇਲਾ ਮਾਘੀ ਦੌਰਾਨ ਦੂਸਰੇ ਸ਼ਹਿਰਾਂ ਤੋਂ ਸ਼੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਬੱਸਾਂ ਲਈ 07 ਆਰਜੀ ਬੱਸ ਸਟੈਂਡ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਜਰੂਰਤ ਸਮੇਂ ਪੁਲਿਸ ਦੀ ਸਹਾਇਤਾ ਲੈਣ ਲਈ ਮੇਲਾ ਮਾਘੀ ਅੰਦਰ ਅਲੱਗ-ਅਲੱਗ ਥਾਵਾਂ ਤੇ ਪੁਲਿਸ ਵੱਲੋਂ 07 ਪੁਲਿਸ ਸਹਾਇਤਾ ਕੇਂਦਰ ਬਣਾਏ ਗਏੇ ਹਨ, ਜਿੰਨ੍ਹਾ ਤੇ ਸ਼ਰਧਾਲੂ 24 ਘੰਟੇ ਪੁਲਿਸ ਦੀ ਮੱਦਦ ਲੈ ਸਕਣਗੇ। ਹੈਵੀ ਵਹੀਕਲਾਂ ਦੀ ਸ਼ਹਿਰ ਅੰਦਰ ਐਂਟਰੀ ਨਹੀ ਹੋਵੇਗੀ। ਹੈਵੀ ਵਹੀਕਲਾਂ ਨੂੰ ਸ਼ਹਿਰ ਤੋਂ ਬਾਹਰੋਂ ਬਾਹਰ ਕੱਢਣ ਲਈ ਰੂਟ ਪਲਾਨ ਜਾਰੀ ਕੀਤਾ ਜਾਵੇਗਾ। Author: Malout Live