ਕਾਰਾਂ ਦੀ ਆਪਸ ਵਿੱਚ ਭਿਆਨਕ ਟੱਕਰ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ

ਸ੍ਰੀ ਮੁਕਤਸਰ ਸਾਹਿਬ:- ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ  ਬਾਈਪਾਸ ‘ਤੇ ਬੀਤੀ ਦੇਰ ਰਾਤ 2 ਕਾਰਾਂ ਦੀ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਅਤੇ 3 ਕਾਰ ਸਵਾਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇਸ ਬਾਈਪਾਸ ' ਤੇ ਸੀਵਰੇਜ ਦੇ ਖੱਡੇ ' ਤੇ ਸੀਮਿੰਟ ਵਗੈਰਾ ਲਾ ਕੇ ਇਸ ਉਪਰ ਪੁਲਿਸ ਵਿਭਾਗ ਦਾ ਬੈਰੀਕੇਡ ਰੱਖਿਆ ਹੋਇਆ ਸੀ। ਇਸ ਜਗਾ ਸੜਕ ' ਤੇ ਮੋੜ ਪੈਂਦਾ ਹੈ। ਅਚਾਨਕ ਆਹਮੋ - ਸਾਹਮਣੇ ਆ ਰਹੀਆਂ ਕਾਰਾਂ ਚਾਵਲਾ ਚਿਕਨ ਹੋਟਲ ਸਾਹਮਣੇ ਆਪਸ ਵਿਚ ਭਿੜ ਗਈਆਂ। ਘਟਨਾ ਦਾ ਸ਼ਿਕਾਰ ਮਾਰੂਤੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇੱਕ ਪਾਸੇ ਜਾ ਡਿੱਗੀ । ਰਾਹਗੀਰਾਂ ਵਲੋਂ ਬੜੀ ਮੁਸ਼ਕਿਲ ਨਾਲ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ ਅਤੇ ਮਾਰੂਤੀ ਕਾਰ ਚਾਲਕ ਨੂੰ ਸਰਕਾਰੀ ਹਸਪਤਾਲ ਭੇਜਿਆ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਹਿਚਾਣ ਜਗਜੀਤ ਸਿੰਘ ਬਰਾੜ ( 47 ) ਪੁੱਤਰ ਸਵ : ਸੁਖਮੰਦਰ ਸਿੰਘ ਵਾਸੀ ਜਲਾਲਾਬਾਦ ਰੋਡ ਬਾਈਪਾਸ ਗੁਰੂ ਨਾਨਕ ਬਸਤੀ ਗਲੀ ਨੰਬਰ 1 ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਜਦਕਿ ਮਾਰੂਤੀ ਕਾਰ ਵਿਚ ਸਵਾਰ ਇਕ ਵਿਅਕਤੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਤੀਜੇ ਵਿਅਕਤੀ ਨੂੰ ਵੀ ਸੱਟਾਂ ਆਈਆਂ ਜਦਕਿ ਸਵਿਫ਼ਟ ਡਿਜਾਇਰ ਕਾਰ ਚਲਾ ਰਿਹਾ 18 ਸਾਲ ਦਾ ਨੌਜਵਾਨ ਦੁਪੇਸ਼ ਮੱਲਣ ਪੁੱਤਰ ਸੁਨੀਲ ਕੁਮਾਰ ਵਾਲ - ਵਾਲ ਬਚ ਗਿਆ , ਉਸ ਦੇ ਸਿਰ ਵਿਚ ਹੀ ਮਾਮੂਲੀ ਸੱਟ ਆਈ । ਮ੍ਰਿਤਕ ਜਗਜੀਤ ਸਿੰਘ ਸਧਾਰਨ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਸੀ , ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ । ਇਸ ਦੀਆਂ ਤਿੰਨ ਕੁੜੀਆਂ ਅਤੇ ਇਕ ਲੜਕਾ ਹੈ । ਮ੍ਰਿਤਕ ਦਾ ਛੋਟਾ ਭਰਾ ਚਰਨਜੀਤ ਸਿੰਘ ਵੀ ਕੁਝ ਸਾਲ ਪਹਿਲਾਂ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ । ਘਟਨਾ ਦਾ ਪਤਾ ਲੱਗਦਿਆਂ ਹੀ ਸਰਕਾਰੀ ਹਸਪਤਾਲ ਵਿਚ ਸਿਵਲ ਸਰਜਨ ਡਾ : ਨਵਦੀਪ ਸਿੰਘ ਅਤੇ ਐੱਸ . ਐੱਮ . ਓ . ਸਤੀਸ਼ ਗੋਇਲ ਵੀ ਪਹੁੰਚ ਗਏ । ਡਾ : ਨਵਦੀਪ ਸਿੰਘ ਨੇ ਸ਼ਹਿਰ ਦੀਆਂ ਸੜਕਾਂ , ਸੀਵਰੇਜ ਆਦਿ ਦੀ ਮੰਦੀ ਹਾਲਤ ' ਤੇ ਚਿੰਤਾ ਪ੍ਰਗਟ ਕਰਦਿਆਂ ਇਸ ਹਾਦਸੇ ' ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ । ਮੌਕੇ ' ਤੇ ਪਹੁੰਚੇ ਥਾਣਾ ਸਦਰ ਦੇ ਐੱਸ . ਐੱਚ . ਓ . ਮਲਕੀਤ ਸਿੰਘ ਨੇ ਕਿਹਾ ਕਿ ਜ਼ਖ਼ਮੀ ਵਿਅਕਤੀਆਂ ਨੂੰ ਨਿੱਜੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ । ਜ਼ਿਲਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਵੀ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋਣ ' ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪੁਲਿਸ ਕਰਮਚਾਰੀ ਭੇਜ ਕੇ ਬਾਈਪਾਸ ਦੀ ਆਵਾਜਾਈ ਨੂੰ ਚਲਾਇਆ ।