ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਆਮ ਲੋਕਾਂ ਲਈ ਹੋ ਰਹੀ ਹੈ ਲਾਹੇਵੰਦ: ਡਾ ਰੰਜੂ ਸਿੰਗਲਾ ਸਿਵਲ ਸਰਜਨ

ਸ਼੍ਰੀ ਮੁਕਤਸਰ ਸਾਹਿਬ :- ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਪੰਜਾਬ ਵਿੱਚ ਬਹੁਤ ਸਫ਼ਲਤਾ ਨਾਲ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 5 ਲੱਖ ਤੱਕ ਦੇ ਮੁਫ਼ਤ ਇਲਾਜ ਲਈ 20 ਅਗਸਤ 2019 ਤੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਰਕਾਰੀ ਅਤੇ ਪ੍ਰਵਾਨਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦੀ ਸੁਵਿਧਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਵਿੱਚ ਸ਼ਾਮਿਲ ਪਰਿਵਾਰਾਂ ਨੂੰ ਲਾਭ ਦੇਣ ਲਈ ਸਰਕਾਰੀ ਹਸਪਤਾਲਾਂ, ਪ੍ਰਾਈਵੇਟ ਐਂਪੈਂਨਲਡ ਹਸਪਤਾਲਾਂ ਅਤੇ ਕਾਮਨ ਸਰਵਿਸ ਸੈਂਟਰਾਂ ਵਿੱਚ ਈ-ਕਾਰਡ ਬਣ ਰਹੇ ਹਨ। ਜਿਨ੍ਹਾ ਲਾਭਪਾਤਰੀਆਂ ਦੇ ਇਹ ਕਾਰਡ ਬਣ ਗਏ ਹਨ, ਉਹ ਆਪਣਾ 5 ਲੱਖ ਤੱਕ ਦਾ ਲੋੜੀਂਦਾ ਇਲਾਜ ਸਰਕਾਰੀ ਜਾਂ ਪ੍ਰਵਾਨਿਤ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਦਾਖਲ ਹੋ ਕੇ ਬਿਲਕੁਲ ਮੁਫ਼ਤ ਕਰਵਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ 10 ਸਰਕਾਰੀ ਅਤੇ 19 ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸਿਹਤ ਵਿਭਾਗ ਵੱਲੋਂ ਇਸ ਯੋਜਨਾ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਰੂਰਤਮੰਦ ਪਰਿਵਾਰਾਂ ਨੂੰ ਇਸ ਯੋਜਨਾ ਦਾ ਕਾਫ਼ੀ ਲਾਭ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹੁਣ ਤੱਕ ਕੁਲ 20099 ਵਿਅਕਤੀਆਂ ਨੂੰ ਇਲਾਜ ਦੀ ਮੁਫ਼ਤ ਸੁਵਿਧਾ ਦੇ ਕੇ 26 ਕ੍ਰੋੜ 70 ਲੱਖ ਰੁਪਏ ਦਾ ਲਾਭ ਦਿੱਤਾ ਜਾ ਚੁੱਕਾ ਹੈ। ਜਿਨ੍ਹਾਂ ਵਿੱਚੋਂ ਸਰਕਾਰੀ ਹਸਪਤਾਲਾਂ ਵਿੱਚ 9582 ਵਿਅਕਤੀਆਂ ਦਾ ਲੱਗਭਗ 6 ਕ੍ਰੋੜ 33 ਲੱਖ ਰੁਪਏ ਦਾ ਇਲਾਜ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 10517 ਲੋਕਾ ਦਾ 20 ਕਰੋੜ 37 ਲੱਖ ਰੁਪਏ ਦਾ ਇਲਾਜ ਹੋਇਆ ਹੈ।ਡਾ. ਸੁਨੀਲ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸੇਵਾਵਾਂ ਦੇਣ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਕਰਮਚਾਰੀਆਂ ਨੂੰ ਵਿਸ਼ੇਸ ਟ਼ੇਨਿੰਗਾਂ ਦਿੱਤੀਆਂ ਗਈਆਂ ਹਨ ਅਤੇ ਸਬੰਧਿਤ ਹਸਪਤਾਲਾਂ ਵਿੱਚ ਅਰੋਗਿਆ ਮਿੱਤਰ ਤਾਇਨਾਤ ਕੀਤੇ ਗਏ ਹਨ। ਇਹ ਈ-ਕਾਰਡ 2011 ਦੀ ਜਨਗਣਨਾ ਦੇ ਆਧਾਰ ਤੇ ਬੀ.ਪੀ.ਐਲ. ਪਰਿਵਾਰ, ਨੀਲੇ ਕਾਰਡ ਧਾਰਕ, ਛੋਟੇ ਵਾਪਾਰੀ ਅਤੇ ਕਿਸਾਨ ਪਰਿਵਾਰ (ਜੇ ਫਾਰਮ ਹੋਲਡਰ), ਕ੍ਰਿਤ ਵਿਭਾਗ ਕੋਲ ਰਜਿਸਟਰਡ ਉਸਾਰੀ ਕਾਮੇ, ਪ੍ਰੈਸ ਰਿਪੋਰਟਰਾਂ ਦੇ ਬਣਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ 133814 ਪਰਿਵਾਰਾਂ ਦੇ 312770 ਈ-ਕਾਰਡ ਬਨਾਏ ਜਾ ਚੁੱਕੇ ਹਨ ਅਤੇ ਕਾਰਡ ਬਨਾਉਣ ਦੀ ਪ੍ਰਕ੍ਰਿਆ ਜਾਰੀ ਹੈ। ਉਹਨਾ ਦੱਸਿਆ ਕਿ ਈ-ਕਾਰਡ ਬਨਾਉਣ ਲਈ ਲਾਭਪਾਤਰੀ ਆਪਣੀ ਯੋਗਤਾ ਅਨੁਸਾਰ ਜਰੂਰੀ ਦਸਤਾਵੇਜ਼ ਜਿਸ ਵਿੱਚ ਆਧਾਰ ਕਾਰਡ, ਰਾਸ਼ਨ ਕਾਰਡ ਜਰੂਰੀ ਹਨ। ਇਸ ਸਬੰਧੀ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਦਫ਼ਤਰ ਡਿਪਟੀ ਮੈਡੀਕਲ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜਾਂ 104 ਨੰਬਰ ਤੇ ਸੰਪਰਕ ਕਰਕੇ ਲਈ ਜਾ ਸਕਦੀ ਹੈ। ਉਹਨਾ ਲਾਭਪਾਤਰੀਆਂ ਨੁੂੰ ਅਪੀਲ ਕੀਤੀ ਕਿ ਜੇਕਰ ਪ਼ਵਾਨਿਤ ਹਸਪਤਾਲ ਵਿੱਚ ਇਲਾਜ ਦੌਰਾਨ ਕੋਈ ਫੀਸ ਜਾਂ ਦਵਾਈ ਜਾਂ ਟੈਸਟ ਦੇ ਪੈਸੇ ਆਦਿ ਦੀ ਮੰਗ ਕਰਦਾ ਹੈ ਤਾਂ ਇਸ ਦੀ ਸੂਚਨਾਂ ਤੁਰੰਤ ਉਹਨਾਂ ਨੂੰ ਜਾਂ 104 ਨੰਬਰ ਉੱਤੇ ਦਿੱਤੀ ਜਾ ਸਕਦੀ ਹੈ। ਜੇਕਰ ਲਾਭਪਾਤਰੀ ਦਾ ਨਾਮ ਸੂਚੀ ਵਿੱਚ ਦਰਜ ਹੈ ਤਾਂ ਉਹ ਆਧਾਰ ਕਾਰਡ ਚੈਕ ਕਰਵਾ ਕੇ ਮੌਕੇ ਤੇ ਹੀ ਕਾਰਡ ਉਸੇ ਹਸਪਤਾਲ ਵਿੱਚ ਬਨਵਾ ਸਕਦਾ ਹੈ, ਜਿਥੇ ਉਸ ਨੇ ਇਲਾਜ ਕਰਵਾਉਣਾ ਹੈ। ਉਹਨਾਂ ਯੋਗ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤੱਕ ਕਾਰਡ ਨਹੀਂ ਬਨਵਾਏ, ਉਹ ਜਲਦੀ ਤੋਂ ਜਲਦੀ ਆਪਣਾ ਕਾਰਡ ਬਨਵਾ ਲੈਣ, ਤਾਂ ਜੋ ਐਂਮਰਜੈਂਸੀ ਆਉਣ ਤੇ ਆਪਣਾ ਇਲਾਜ ਮੁਫ਼ਤ ਕਰਵਾ ਸਕਣ।