ਜਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ ਦੇ ਪ੍ਰਬੰਧਾ ਅਤੇ ਹੀਟ ਵੇਵ ਸੰਬੰਧੀ ਕੀਤੀ ਗਈ ਮੀਟਿੰਗ- ਡਾ. ਨਵਜੋਤ ਕੌਰ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਨਵਜੋਤ ਕੌਰ ਸਿਵਲ ਸਰਜਨ ਵੱਲੋਂ ਜਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਨਾਲ ਦਫ਼ਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਸਮੂਹ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਚੋਣਾਂ ਵਾਲੇ ਦਿਨ ਇੱਕ ਜੂਨ 2024 ਨੂੰ ਐਮਰਜੈਂਸੀ ਸੇਵਾਵਾਂ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਮਾਹਿਰ ਡਾਕਟਰ ਹਸਪਤਾਲਾਂ ਵਿੱਚ ਹਾਜ਼ਿਰ ਰਹਿਣ। ਉਨ੍ਹਾਂ ਕਿਹਾ ਕਿ ਪੈ ਰਹੀ ਅੱਤ ਦੀ ਗਰਮੀ ਕਰਕੇ ਸਾਰੇ ਸਿਵਲ ਹਸਪਤਾਲਾਂ ਅਤੇ ਸੀ.ਐੱਚ.ਸੀ ਵਿੱਚ ਹੀਟ ਵੇਵ ਸੰਬੰਧੀ ਮੈਡੀਕਲ ਟੀਮਾਂ ਬਣਾਈਆਂ ਗਈਆਂ ਹਨ। ਸਿਵਲ ਹਸਪਤਾਲਾਂ ਅਤੇ ਸੀ.ਐੱਚ.ਸੀ ਵਿੱਚ ਹੀਟ ਵੇਵ ਪ੍ਰਭਾਵਿਤ ਮਰੀਜਾਂ ਲਈ ਬੈੱਡ ਰਾਖਵੇਂ ਰੱਖੇ ਗਏ ਹਨ ਅਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਲੋਕ ਸਭਾ ਚੋਣਾਂ ਵਾਲੇ ਦਿਨ ਜਿਲ੍ਹੇ ਵਿੱਚ ਹਰੇਕ ਪੋਲਿੰਗ ਬੂਥ ਉਪਰ ਆਸ਼ਾ ਵਰਕਰਾਂ ਨੂੰ ਓ.ਆਰ.ਐੱਸ ਦੇ ਪੈਕਟ ਦੇ ਕੇ ਡਿਊਟੀ ਲਗਾ ਦਿੱਤੀ ਗਈ ਹੈ। ਉਨ੍ਹਾਂ ਸਮੂਹ ਐੱਸ.ਐੱਮ.ਓ ਨੂੰ ਹਦਾਇਤ ਕੀਤੀ ਕਿ ਸਿਹਤ ਵਿਭਾਗ ਦੇ ਸਟਾਫ਼ ਵੱਲੋਂ ਜਨਤਕ ਥਾਵਾਂ ਤੇ ਜਾ ਕੇ ਆਮ ਲੋਕਾਂ ਨੂੰ ਹੀਟ ਵੇਵ ਤੋਂ ਬਚਣ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣ ਅਤੇ ਸਬ-ਸੈਂਟਰ ਪੱਧਰ ਅਤੇ ਮਮਤਾ ਦਿਵਸ ਮੌਕੇ ਆਉਣ ਵਾਲੇ ਲੋਕਾਂ ਨੂੰ ਹੀਟ ਵੇਵ ਤੋਂ ਬਚਾਅ ਲਈ ਲਗਾਤਾਰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਬੰਦਨਾ ਬਾਂਸਲ ਡੀ.ਐੱਮ.ਸੀ., ਡਾ. ਕੁਲਤਾਰ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਪ੍ਰੋਗਰਾਮ ਅਫ਼ਸਰ ਹਾਜ਼ਿਰ ਸਨ। Author : Malout Live