ਡੈਪੋ ਮੀਟਿੰਗ 'ਚ ਐਸ.ਡੀ.ਐਮ ਵੱਲੋਂ ਨਸ਼ਾ ਰਹਿਤ ਪਿੰਡ ਤਿਆਰ ਕਰਨ ਤੇ ਜੋਰ

ਮਲੋਟ(ਆਰਤੀ ਕਮਲ) :- ਮਲੋਟ ਸਬ ਡਿਵੀਜਨ ਦੀ ਡੈਪੋ ਤਹਿਤ ਨਸ਼ਾ ਵਿਰੋਧੀ ਮੁਹਿੰਮ ਦੀ ਮੀਟਿੰਗ ਐਸ.ਡੀ.ਐਮ ਮਲੋਟ ਗੋਪਾਲ ਸਿੰਘ ਦੀ ਚੇਅਰਮੈਨਸ਼ਿਪ ਹੇਠ ਹੋਈ ਜਿਸ ਵਿਚ ਐਸ.ਪੀ ਮਲੋਟ ਇਕਬਾਲ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮ ਨੇ ਜਿਥੇ ਸਮੂਹ ਮਾਸਟਰ ਟਰੇਨਰਾਂ ਅਤੇ ਹੋਰ ਅਧਿਕਾਰੀਆਂ ਤੋਂ ਬੀਤੇ ਇਕ ਮਹੀਨੇ ਦੀ ਕਾਰਗੁਜਾਰੀ ਦੀ ਰਿਪੋਰਟ ਲਈ ਉਥੇ ਨਾਲ ਹੀ ਇਸ ਨੂੰ ਇਕ ਸਰਕਾਰੀ ਹੁਕਮ ਨਾ ਸਮਝ ਕੇ ਸਮਾਜਿਕ ਮੁਹਿੰਮ ਵਿਚ ਭਾਗੀਦਾਰ ਬਣਨ ਦੀ ਪ੍ਰੇਰਨਾ ਦਿੱਤੀ । ਉਹਨਾਂ ਸਮੂਹ ਅਧਿਕਾਰੀਆਂ ਨੂੰ ਨਸ਼ਾ ਛੱਡਣ ਵਾਲੇ ਨੌਜਵਾਨਾਂ ਨਾਲ ਨਰਮ ਪਿਆਰ ਭਰਿਆ ਵਰਤਾਰਾ ਰੱਖ ਕੇ ਉਹਨਾਂ ਦੀ ਹੌਂਸਲਾ ਅਫਜਾਈ ਕਰਨ ਲਈ ਕਿਹਾ । ਐਸ.ਡੀ.ਐਮ ਨੇ ਕਿਹਾ ਕਿ ਮਾਸਟਰ ਟਰੇਨਰ ਅੱਗੇ ਸਬ ਟਰੇਨਰ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਿਖਲਾਈ ਦੇ ਕੇ ਪਿੰਡਾਂ ਵਿਚ ਨਸ਼ਾ ਛੁਡਾਊ ਮੁਹਿੰਮ ਨੂੰ ਤੇਜ ਕਰਨ ਤਾਂ ਜੋ ਹਲਕੇ ਅੰਦਰ ਪੂਰਨ ਰੂਪ ਵਿਚ ਨਸ਼ਾ ਰਹਿਤ ਪਿੰਡ ਦੀ ਭਾਲ ਕਰਕੇ ਉਸਤੇ ਅਗਲੀ ਕਾਰਵਾਈ ਕੀਤੀ ਜਾ ਸਕੇ । ਮਲੋਟ ਸ਼ਹਿਰ ਦੇ ਸਮੂਹ ਵਾਰਡਾਂ ਅੰਦਰ ਵੀ ਡੈਪੋ ਮੁਹਿੰਮ ਚਲਾਉਣ ਲਈ ਉਹਨਾਂ ਨਗਰ ਕੌਂਸਲ ਕਰਮਚਾਰੀਆਂ ਨੂੰ ਹਿਦਾਇਤ ਦਿੱਤੀ । ਐਸ.ਡੀ.ਐਮ ਗੋਪਾਲ ਸਿੰਘ ਨੇ ਜੀ.ਓ.ਜੀ ਵੱਲੋਂ ਵੀ ਡੈਪੋ ਟੀਮਾਂ ਨਾਲ ਮਿਲ ਕੇ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਬੰਧੀ ਜੀ.ਓ.ਜੀ ਦੀ ਰਿਪੋਰਟ ਵੀ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਜਰਨਲ ਸ਼ੇਰਗਿੱਲ ਕੋਲ ਹਰ ਰੋਜ ਪੁੱਜ ਰਹੀ ਹੈ । ਇਸ ਮੀਟਿੰਗ ਵਿਚ ਤਹਿਸੀਲਦਾਰ ਮਲੋਟ ਮਨਜੀਤ ਸਿੰਘ ਭੰਡਾਰੀ, ਨਾਇਬ ਤਹਿਸੀਲਦਾਰ ਜੇਪੀ ਸਿੰਘ, ਐਸ.ਐਮ.ਓ ਮਲੋਟ ਗੁਰਚਰਨ ਸਿੰਘ, ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ, ਡ੍ਰਾ. ਹਰਿਭਜਨ ਪ੍ਰਿਯਦਰਸ਼ੀ, ਏਐਸਆਈ ਤਜਿੰਦਰ ਸਿੰਘ ਅਤੇ ਖੇਤੀਬਾੜੀ ਵਿਭਾਗ ਤੇ ਹਸਨ ਸਿੰਘ ਆਦਿ ਸਮੇਤ ਵੱਖ ਵੱਖ ਮਹਿਕਮਿਆਂ ਤੋਂ ਡੈਪੋ ਅਧੀਨ ਕੰਮ ਕਰ ਰਹੇ ਅਧਿਕਾਰੀ ਹਾਜਰ ਸਨ ।