ਐੱਸ .ਬੀ .ਆਈ . ਆਫ਼ੀਸਰਜ਼ ਸੰਘ ਨੇ ਰੋਸ ਪ੍ਰਦਰਸ਼ਨ ਕਰਦਿਆਂ ਕੀਤੀ ਨਾਅਰੇਬਾਜ਼ੀ
ਸ੍ਰੀ ਮੁਕਤਸਰ ਸਾਹਿਬ - ਸਟੇਟ ਬੈਂਕ ਆਫ਼ ਇੰਡੀਆ ਦੇ ਚੰਡੀਗੜ੍ਹ ਸਰਕਲ ਦੇ ਪ੍ਰਬੰਧਕਾਂ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ ਐੱਸ.ਬੀ. ਆਈ. ਆਫੀਸਰਜ਼ ਸੰਘ ਨੇ ਮੋਰਚਾ ਖੋਲ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਸਥਾਨਕ ਮਲੋਟ ਰੋਡ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਮੁੱਖ ਸ਼ਾਖਾ ਅੱਗੇ ਓ. ਪੀ. ਤਨੇਜਾ ਏ. ਜੀ. ਐੱਸ. ਐੱਸ. ਬੀ. ਆਈ. ਓ. ਏ. ਬਠਿੰਡਾ ਮਾਡਿਊਲ ਦੀ ਅਗਵਾਈ ’ਚ ਕਾਲੇ ਬਿੱਲੇ ਲਾ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਬੈਂਕ ਅਧਿਕਾਰੀਆਂ ਵਲੋਂ ਵਿਸ਼ਾਲ ਮੋਬਾਈਲ ਮਸ਼ਾਲ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਬੈਂਕ ਪ੍ਰਬੰਧਕਾਂ ਵੱਲੋਂ ਐੱਸ.ਬੀ.ਆਈ. ਅਫ਼ਸੀਸਰਜ਼ ਸੰਘ ਦੇ ਮੁੱਖ ਅਹੁਦੇਦਾਰਾਂ ਦੇ ਖਿਲਾਫ਼ ਦਮਨਕਾਰੀ ਰਵੱਈਆ ਅਪਣਾਉਣ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕਰਦਿਆਂ ਇਸ ਨਾਦਰਸ਼ਾਹੀ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਸੰਘ ਦੇ ਜਨਰਲ ਸਕੱਤਰ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਦਿੱਤੇ ਬਿਨਾਂ ਇਕ ਤਰਫ਼ਾ ਫੈਸਲਾ ਕਰਦਿਆਂ ਟਰਾਂਸਫਰ ਕਰ ਦਿੱਤਾ ਗਿਆ। ਇਹ ਤਾਨਾਸ਼ਾਹੀ ਰਵੱਈਏ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਉੱਚ ਅਹੁਦੇਦਾਰਾਂ ’ਤੇ ਸਿੱਧਾ ਹਮਲਾ ਕਰ ਕੇ ਬੈਂਕ ਪ੍ਰਬੰਧਕ ਐਸੋ. ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ। ਬੁਲਾਰਿਆਂ ਨੇ ਕਿਹਾ ਕਿ ਬੈਂਕ ਦੀ ਉੱਚ ਮੈਨੇਜਮੈਂਟ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਐਸੋ. ਦੇ ਅਹੁਦੇਦਾਰਾਂ ਅਤੇ ਮੈਬਰਾਂ ਨੂੰ ਪ੍ਰੇਸ਼ਾਨ ਕਰਨ ਅਤੇ ਡਰਾਉਣ ਦੇ ਯਤਨ ਕਰ ਰਹੀ ਹੈ, ਜਿਸ ਤੋਂ ਉਹ ਡਰਨ ਵਾਲੇ ਨਹੀਂ। ਜਥੇਬੰਦੀ ਵਲੋਂ ਬੈਂਕ ਅਧਿਕਾਰੀਆਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨਾ ਮੌਲਿਕ ਅਧਿਕਾਰ ਹੈ, ਜਿਸ ਨੂੰ ਬੈਂਕ ਪ੍ਰਬੰਧਕ ਦਬਾਉਣ ਦੀ ਅਸਫ਼ਲ ਕੋਸ਼ਿਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਜਥੇਬੰਦੀ ਐਸੋਸੀਏਸ਼ਨ ਅਤੇ ਪ੍ਰਬੰਧਕਾਂ ਦੇ ਵਿਚਕਾਰ ਦੋਵਾਂ ਧਿਰਾਂ ਦੀਆਂ ਭਾਵਨਾਵਾਂ ਦੇ ਸਨਮਾਨ ਦੀ ਮੰਗ ਕਰਦੀ ਹੈ, ਜੋ ਚੰਡੀਗੜ੍ਹ ਸਰਕਲ ’ਚ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬੈਂਕ ਦੀ ਉੱਚ ਮੈਨੇਜਮੈਂਟ ਵਲੋਂ ਆਪਣਾ ਤਾਨਾਸ਼ਾਹੀ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ, ਜਿਸ ਦੀ ਸੰਪੂਰਨ ਜ਼ਿੰਮੇਵਾਰੀ ਬੈਂਕ ਦੇ ਉੱਚ ਪ੍ਰਬੰਧਕਾਂ ਦੀ ਹੋਵੇਗੀ।ਇਸ ਮੌਕੇ ਅਭਿਸ਼ੇਕ ਛਾਬੜਾ, ਸਤਿੰਦਰਪਾਲ ਸਿੰਘ, ਰੇਵਤਾ ਇੰਦਲੀਆ, ਸੰਜੀਵ ਕੁਮਾਰ, ਪ੍ਰਕਾਸ਼ , ਮੰਗਤ ਰਾਮ ਆਦਿ ਤੋਂ ਇਲਾਵਾ ਬੈਂਕ ਅਧਿਕਾਰੀ ਹਾਜ਼ਰ ਸਨ।