ਕਾਂਗਰਸ ਹੱਥ ਖੜੇ ਕਰੇ ਤਾਂ ਅਕਾਲੀ ਭਾਜਪਾ ਆਗੂ ਖੁਦ ਮਲੋਟ ਦੇ ਸੀਵਰੇਜ ਦੀ ਸਫਾਈ ਕਰਨਗੇ

ਮਲੋਟ (ਆਰਤੀ ਕਮਲ) : ਮਲੋਟ ਸ਼ਹਿਰ ਦੇ ਲੋਕ ਇਸ ਵਕਤ ਸੱਭ ਤੋਂ ਬਦਤਰ ਜਿੰਦਗੀ ਜਿਉਣ ਲਈ ਮਜਬੂਰ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਇਥੇ ਢਾਈ ਸਾਲ ਵਿਚ ਡੱਕਾ ਤੋੜ ਕੇ ਦੂਹਰਾ ਨਹੀ ਕੀਤਾ । ਗਲੀਆਂ ਵਿਚ ਸੀਵਰੇਜ ਦਾ ਪਾਣੀ ਭਰਿਆ ਹੋਇਆ ਹੈ ਲੋਕ ਗੰਦੇ ਪਾਣੀ ਵਿਚੋਂ ਨਿਕਲਣ ਲਈ ਮਜਬੂਰ ਹਨ । ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ । ਪੀਣ ਵਾਲਾ ਪਾਣੀ ਵੀ ਬਹੁਤੇ ਵਾਰਡਾਂ ਵਿਚ ਸੀਵਰ ਮਿਕਸ ਹੋਣ ਕਾਰਨ ਕਾਲਾ ਸ਼ਾਹ ਸਪਲਾਈ ਹੋ ਰਿਹਾ ਹੈ । ਪਰ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਅੱਖਾਂ ਕੰਨ ਬੰਦ ਕਰਕੇ ਘੁੰਮ ਰਹੇ ਹਨ ਅਤੇ ਆਪਣੀ ਨਿਕਾਮੀ ਨਗਰ ਕੌਂਸਲ ਦੇ ਉਤੇ ਸੁੱਟ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਅਕਾਲੀ ਭਾਜਪਾ ਦੀ ਇਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਜਾਂ ਤਾਂ ਕਾਂਗਰਸੀ ਵਿਧਾਇਕ ਜੋ ਕਿ ਡਿਪਟੀ ਸਪੀਕਰ ਵੀ ਹਨ ਹੱਥ ਖੜੇ ਕਰ ਦੇਣ ਕਿ ਉਹਨਾਂ ਦੀ ਸਰਕਾਰ ਨਹੀ ਕਰ ਸਕਦੀ ਤਾਂ ਅਕਾਲੀ ਭਾਜਪਾ ਦੇ ਆਗੂ ਮਲੋਟ ਦੇ ਲੋਕਾਂ ਦੀ ਖਾਤਰ ਖੁਦ ਬਾਲਟੀਆਂ ਲੈ ਕੇ ਸੀਵਰ ਸਾਫ ਕਰਨ ਵਿਚ ਵੀ ਗੁਰੇਜ ਨਹੀ ਕਰਨਗੇ । ਉਹਨਾਂ ਕਿਹਾ ਕਿ ਕਾਂਗਰਸ ਦੇ ਢਾਈ ਸਾਲ ਤੋਂ ਪਹਿਲਾਂ ਕਰੀਬ 15 ਸਾਲ ਅਕਾਲੀ ਦਲ ਦਾ ਵਿਧਾਇਕ ਹੋਣ ਨਾਤੇ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਪ੍ਰੇਰਨਾ ਨਾਲ ਮਲੋਟ ਸ਼ਹਿਰ ਦਾ ਵਿਕਾਸ ਕਰਕੇ ਮਿੰਨੀ ਚੰਡੀਗੜ ਦਾ ਰੂਪ ਦੇਣ ਵਿਚ ਕੋਈ ਕਸਰ ਨਹੀ ਛੱਡੀ ਗਈ ਅਤੇ ਢਾਈ ਸਾਲ ਪਹਿਲਾਂ ਵੀ ਵੱਡੇ ਪੱਧਰ ਤੇ ਵਿਕਾਸ ਕਾਰਜ ਚਲ ਰਹੇ ਸਨ ਜਦ ਕਾਂਗਰਸ ਨੇ ਸਟੇਡੀਅਮ, ਬਿਜਲੀ ਗਰਿੱਡ, ਵਾਟਰ ਵਰਕਸ ਮੁਰੰਮਤ, ਸੜਕਾਂ ਆਦਿ ਦਾ ਚਲਦਾ ਕੰਮ ਰੁਕਵਾ ਕੇ ਸਰਕਾਰ ਨੇ ਪੈਸਾ ਵਾਪਸ ਮੰਗਵਾ ਲਿਆ । ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਅਤੇ ਲੋਕ ਰੋਹ ਸੜਕਾਂ ਤੇ ਉਤਰਨ ਵਾਲਾ ਹੈ ਇਸ ਕਰਕੇ ਸਰਕਾਰ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰੇ । ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਸੋਮ ਨਾਥ ਕਾਲੜਾ, ਨਗਰ ਕੌਂਸਲ ਪ੍ਰਧਾਨ ਰਾਮ ਸਿੰਘ ਭੁੱਲਰ, ਗੁਰਜੀਤ ਸਿੰਘ ਨਿੱਪੀ ਔਲਖ, ਕੁਲਬੀਰ ਸਿੰਘ ਕੋਟਭਾਈ, ਜਗਤਾਰ ਬਰਾੜ, ਰਜਿੰਦਰ ਘੱਗਾ, ਅਸ਼ੋਕ ਬਜਾਜ, ਰਾਜਨ ਖੁਰਾਣਾ ਅਤੇ ਅਸ਼ੋਕ ਖੁੰਗਰ ਸਮੇਤ ਵੱਖ ਵੱਖ ਵਾਰਡਾਂ ਦੇ ਨਗਰ ਕੌਂਸਲਰ ਤੇ ਨੁਮਾਇੰਦੇ ਹਾਜਰ ਸਨ ।