ਸਿੱਧੂ ਮੂਸੇਵਾਲਾ ਦੇ ਨਾਮ 'ਤੇ ਬਣੇਗੀ ਸੜਕ, ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਰੱਖਿਆ ਨੀਂਹ ਪੱਥਰ

ਮਾਨਸਾ:- ਸਿੱਧੂ ਮੂਸੇਵਾਲਾ ਦੇ ਨਾਮ ‘ਤੇ ਪਿੰਡ ਬੁਰਜ ਢਿੱਲਵਾਂ ਤੋਂ ਭੈਣੀ ਚੂਹੜ ਤੱਕ ਸੜਕ ਬਣਾਈ ਜਾਵੇਗੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੜਕ ਦਾ ਨੀਂਹ ਪੱਥਰ ਰੱਖਿਆ। ਸੜਕ ਦਾ ਨੀਂਹ ਪੱਥਰ ਰੱਖਣ ਸਮੇਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਦਰਦ ਨੂੰ ਬਿਆਨ ਕੀਤਾ। ਉਹਨਾਂ ਨੇ ਕਿਹਾ ਕਿ ਸਿੱਧੂ ਚੋਣ ਹਾਰਨ ਤੋਂ ਬਾਅਦ ਮਾਯੂਸ ਸੀ। ਉਸਨੇ ਹਾਰ ਤੋਂ ਬਾਅਦ ਇਹ ਵੀ ਕਿਹਾ ਸੀ ਕਿ ਹੁਣ ਉਹ ਚੋਣ ਨਹੀਂ ਲੜੇਗਾ। ਚੋਣਾਂ ਦੌਰਾਨ ਵੀ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਦੁਖਾਂਤ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਦਘਾਟਨ ਸਮੇਂ ਪਿੰਡ ਦੀ ਪੰਚਾਇਤ ਮੌਜੂਦ ਰਹੀ।ਉਨ੍ਹਾਂ ਕਿਹਾ ਕਿ ਮੈਂ ਇਸ ਦੁੱਖ ਵਿੱਚੋਂ ਬਾਹਰ ਆ ਕੇ ਲੋਕਾਂ ਵਿੱਚ ਵਿਚਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਲੋਕਾਂ ਲਈ ਚੰਗੇ ਕੰਮ ਕਰੀਏ। ਉਨ੍ਹਾਂ ਨੇ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਮੂਸੇਵਾਲਾ ਨੂੰ ਵੋਟਾਂ ਦੌਰਾਨ ਪਹਿਲਾਂ ਵੀ 8 ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਗੈਂਗਸਟਰ ਵੀ ਆਪਣੀ ਬਰਾਬਰ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਦਾ ਕਸੂਰ ਸਿਰਫ਼ ਹੀ ਸੀ ਕਿ ਉਸਨੇ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਤਰੱਕੀ ਕਰ ਲਈ ਸੀ। ਸਿੱਧੂ ਨੂੰ ਮਾਰ ਕੇ ਗੈਂਗਸਟਰਾਂ ਨੇ ਮੇਰੀ ਜੜ੍ਹ ਹੀ ਪੁੱਟ ਦਿੱਤੀ। ਮੇਰੇ ਕੋਲ ਹੁਣ ਕੁਝ ਵੀ ਨਹੀਂ ਬਚਿਆ ਹੈ। Author: Malout Live