ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ-ਅੰਦਰ ਜ਼ਰੂਰ ਕਰਵਾਈ ਜਾਵੇ- ਸ਼੍ਰੀ ਵਿਨੀਤ ਕੁਮਾਰ (ਆਈ.ਏ.ਐੱਸ)
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਸਮੇਂ ਸਿਰ ਕਰਵਾਉਣ ਲਈ ਸ਼੍ਰੀ ਵਿਨੀਤ ਕੁਮਾਰ ਆਈ.ਏ.ਐੱਸ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਪ੍ਰਧਾਨਗੀ ਹੇਠ ਅੰਤਰ ਵਿਭਾਗੀ ਤਾਲਮੇਲ ਕਮੇਟੀ ਦੀ ਮੀਟਿੰਗ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਲੋਕਲ ਗੌਰਮੈਂਟ ਬਾਡੀਜ ਵਿਭਾਗ, ਫੂਡ ਸਪਲਾਈ ਵਿਭਾਗ, ਸਿੱਖਿਆ ਵਿਭਾਗ, ਪੁਲਿਸ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਈ-ਗਵਰਨੈਂਸ ਵਿਭਾਗ ਆਦਿ ਵੱਖ-ਵੱਖ ਵਿਭਾਗਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਵਿਨੀਤ ਕੁਮਾਰ ਨੇ ਸਮੂਹ ਹਾਜ਼ਰੀਨ ਨੂੰ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ-ਅੰਦਰ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਜੇਕਰ ਮੌਤ ਐਕਸੀਡੈਂਟ ਕਾਰਨ ਹੁੰਦੀ ਹੈ ਤਾਂ ਪੁਲਿਸ ਵਿਭਾਗ ਦਾ ਜਾਂਚ ਅਧਿਕਾਰੀ ਮ੍ਰਿਤਕ ਵਿਅਕਤੀ ਦੀ ਰਜਿਸਟ੍ਰੇਸ਼ਨ ਸੰਬੰਧਿਤ ਲੋਕਲ ਰਜਿਸਟਰਾਰ ਕੋਲ ਦਰਜ ਕਰਵਾਏ ਅਤੇ ਜੇਕਰ ਕੋਈ ਅਣਪਛਾਤੀ ਲਾਸ਼ ਮਿਲਦੀ ਹੈ ਤਾਂ ਵੀ ਸੰਬੰਧਿਤ ਜਾਂਚ ਅਧਿਕਾਰੀ ਮ੍ਰਿਤਕ ਦੀ ਰਜਿਸਟ੍ਰੇਸ਼ਨ ਜਿੱਥੋਂ ਲਾਸ਼ ਮਿਲਦੀ ਹੈ ਉੱਥੋਂ ਦੇ ਲੋਕਲ ਰਜਿਸਟਰਾਰ ਕੋਲ ਦਰਜ ਕਰਵਾਇਆ ਜਾਵੇ।
ਜਨਮ ਦੀ ਰਜਿਸਟ੍ਰੇਸ਼ਨ ਸੰਬੰਧੀ ਉਨ੍ਹਾਂ ਕਿਹਾ ਕਿ ਜਿੱਥੇ ਵੀ ਜਨਮ ਹੁੰਦਾ ਹੈ ਉਸ ਸੰਸਥਾ ਦਾ ਇੰਚਾਰਜ ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ-ਅੰਦਰ ਕਰਵਾਉਣ ਲਈ ਪਾਬੰਧ ਹੋਵੇਗਾ। ਉਨ੍ਹਾਂ ਜ਼ਿਲ੍ਹਾ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਆਂਗਣਵਾੜੀ ਵਰਕਰ ਇਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਕੋਲ ਰਜਿਸਟਰਡ ਸਾਰੇ ਬੱਚਿਆਂ ਦੇ ਜਨਮ ਸਰਟੀਫਿਕੇਟ ਬਣੇ ਹੋਏ ਲਾਜ਼ਮੀ ਹੋਣ ਅਤੇ ਜੇਕਰ ਕੋਈ ਲਾਵਾਰਿਸ ਬੱਚਾ ਮਿਲਦਾ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਲੋਕਲ ਰਜਿਸਟਰਾਰ ਪਾਸ ਜ਼ਰੂਰ ਕਰਵਾਈ ਜਾਵੇ। ਇਸ ਮੌਕੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਕਿਹਾ ਕਿ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਧਿਆਨ ਰੱਖਿਆ ਜਾਵੇ ਕਿ ਨਾਮ, ਮਾਪਿਆਂ ਦਾ ਨਾਮ, ਪਤਾ ਅਤੇ ਹੋਰ ਜ਼ਰੂਰੀ ਕਾਲਮ ਸਹੀ ਤਰੀਕੇ ਨਾਲ ਦਰੁਸਤ ਲਿਖਵਾਏ ਜਾਣ ਤਾਂ ਜੋ ਜਨਮ ਅਤੇ ਮੌਤ ਸਰਟੀਫਿਕੇਟ ਸਹੀ ਤਰੀਕੇ ਨਾਲ ਬਣ ਸਕਣ ਅਤੇ ਭਵਿੱਖ ਵਿੱਚ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਜਨਮ ਅਤੇ ਮੌਤ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਹੋਣ ਤੇ ਸਰਟੀਫਿਕੇਟ ਪਹਿਲੀ ਕਾਪੀ ਮੁਫ਼ਤ ਦਿੱਤੀ ਜਾਂਦੀ ਹੈ। ਇਸ ਮੌਕੇ ਸਮੂਹ ਵਿਭਾਗਾਂ ਦੇ ਮੁੱਖੀ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਗੁਰਤੇਜ ਸਿੰਘ ਅੰਕੜਾ ਸਹਾਇਕ ਹਾਜ਼ਿਰ ਸਨ। Author: Malout Live