ਕੱਲ੍ਹ (9 ਅਕਤੂਬਰ) ਤੋਂ ਬੀ.ਕੇ.ਯੂ ਏਕਤਾ ਉਗਰਾਹਾਂ ਦੇਵੇਗੀ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਦੇ ਅੱਗੇ ਅਣਮਿੱਥੇ ਸਮੇਂ ਦਾ ਧਰਨਾ
ਮਲੋਟ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਲ੍ਹ (9 ਅਕਤੂਬਰ) ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਸੰਗਰੂਰ ਸਥਿਤ ਰਿਹਾਇਸ਼ ਅੱਗੇ ਲਟਕਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਬੀ.ਕੇ.ਯੂ ਉਗਰਾਹਾਂ ਬਲਾਕ ਮਲੋਟ ਦੇ ਆਗੂ ਕੁਲਦੀਪ ਕਰਮਗੜ੍ਹ ਨੇ ਦੱਸਿਆ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਲਟਕ ਰਹੀਆਂ ਹਨ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਐਕਵਾਇਰ ਕੀਤੀ ਜਾਂ ਜਮੀਨ ਦਾ ਪੂਰਾ ਮੁਆਵਜ਼ਾ ਨਾ ਦੇਣਾ ਤੇ ਜਮੀਨ ਕਿਸਾਨ ਤੋਂ ਪੁਲਿਸ ਦੇ ਬਲ ਤੇ ਧੱਕੇ ਨਾਲ ਖੋਹੀ ਜਾ ਰਹੀ ਹੈ। ਐਤਕੀ ਮਾੜੇ ਬੀਜਾਂ ਚਿੱਟੇ ਮੱਛਰ ਤੇ ਬੇਹਿਸਾਬੀ ਬਾਰਿਸ਼ ਨਾਲ ਕਈ ਜਿਲ੍ਹਿਆਂ ਵਿੱਚ ਕਿਸਾਨਾਂ ਦੀ ਫਸਲ ਨਰਮੇ, ਝੋਨੇ, ਮੂੰਗੀ, ਹਰਾ ਚਾਰਾ ਖਤਮ ਹੋ ਚੁੱਕੀ ਹੈ ਤੇ ਮਜ਼ਦੂਰਾਂ ਦੇ ਛੋਟੇ ਕਿਸਾਨਾਂ ਦੇ ਮਕਾਨ ਡਿੱਗ ਪਏ ਹਨ ਉਹਨਾਂ ਦਾ ਮੁਆਵਜ਼ਾ ਦੇਵੇ। ਲੰਪੀ ਸਕਿਨ ਬਿਮਾਰੀ ਨਾਲ ਮਰੀਆਂ ਗਾਵਾਂ ਦਾ ਮਾਰਕਿਟ ਰੇਟ ਤੇ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦੇਵੇ। ਇਸ ਤੋਂ ਇਲਾਵਾ ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਦੀ ਮਾਲਕੀ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਵਾਲੀ ਸੰਸਾਸ ਬੈਂਕ ਜਲ ਨੀਤੀ ਰੱਦ ਕੀਤੀ ਜਾਵੇ ਤੇ ਦੌਧਰ ਵਰਤੀ ਜਲ ਸੋਧ ਪ੍ਰੋਜੈਕਟ ਰੱਦ ਕੀਤੇ ਜਾਣ। ਮਾਈਨਿੰਗ ਦੇ ਨਾਂ ਤੇ ਕਿਸਾਨਾਂ ਵੱਲੋਂ ਆਪਣੀ ਜਮੀਨ ਪੁੱਟਣ ਤੇ ਕੀਤੇ ਜਾਣ ਵਾਲੇ ਪਰਚੇ ਰੱਦ ਕੀਤੇ ਜਾਣ। ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਏਕੜ ਮੁਆਵਜਾ ਮਿਲੇ ਜਾਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲੇ। ਐੱਮ.ਐੱਸ.ਪੀ ਸਮੇਤ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਤਮਾਮ ਮੰਗਾਂ ਪੂਰੀਆਂ ਕੀਤੀਆਂ ਜਾਣ। ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਬੀ. ਕੇ. ਯੂ ਉਗਰਾਹਾਂ ਕੱਲ੍ਹ 9 ਤਾਰੀਖ ਤੋਂ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਰਹੀ ਹੈ। ਉਹਨਾਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਇਸ ਧਰਨੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। Author: Malout Live