ਸਿਵਲ ਸਰਜਨ ਵੱਲੋਂ ਪ੍ਰਾਈਵੇਟ ਮੈਡੀਕਲ ਲੈਬ ਟੈਕਨੀਸ਼ੀਅਨਾਂ ਨਾਲ ਕੀਤੀ ਗਈ ਮੀਟਿੰਗ
ਮਲੋਟ(ਸ਼੍ਰੀ ਮੁਕਤਸਰ ਸਾਹਿਬ):- ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀ ਪ੍ਰਧਾਨਗੀ ਹੇਠ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਪ੍ਰਾਈਵੇਟ ਮੈਡੀਕਲ ਲੈਬ ਟੈਕਨੀਸ਼ੀਅਨਾਂ ਦੀ ਜ਼ਰੂਰੀ ਮੀਟਿੰਗ ਹੋਈ। ਇਸ ਮੌਕੇ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਸੰਬੰਧੀ ਸਿਹਤ ਵਿਭਾਗ ਵੱਲੋਂ ਨੋਟੀਫ਼ਿਕੇਸ਼ਨ ਕੀਤਾ ਗਿਆ ਹੈ, ਨੋਟੀਫ਼ਿਕੇਸ਼ਨ ਦੀਆਂ ਹਦਾਇਤਾਂ ਅਨੁਸਾਰ ਜੇਕਰ ਪ੍ਰਾਈਵੇਟ ਮੈਡੀਕਲ ਲੈਬ ਅਧੀਨ ਉਕਤ ਬਿਮਾਰੀਆਂ ਦੇ ਟੈੱਸਟ ਕੀਤੇ ਜਾਂਦੇ ਹਨ ਤਾਂ ਕਨਫਰਮੇਸ਼ਨ ਕਰਵਾਉਣੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਬਾਇਓ ਮੈਡੀਕਲ ਵੇਸਟ ਦੀ ਸਾਰੀਆਂ ਪ੍ਰਾਈਵੇਟ ਲੈਬਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਵਿਕਰਮ ਅਸੀਜਾ ਨੇ ਦੱਸਿਆ ਕਿ ਜੇਕਰ ਮਲੇਰੀਆ-ਡੇਂਗੂ ਦਾ ਪਾਜ਼ੀਟਿਵ ਕੇਸ ਆਉਂਦਾ ਹੈ ਤਾਂ ਉਸ ਕੇਸ ਨੂੰ ਕਨਫਰਮ ਕਰਨ ਲਈ ਅਲਾਇਜ਼ਾ ਟੈੱਸਟ ਕਰਵਾਉਣ ਲਈ ਸਰਕਾਰੀ ਹਸਪਤਾਲ ਹਸਪਤਾਲ ਵਿਖੇ ਸੈਂਪਲ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ, ਮਲੇਰੀਆ ਅਤੇ ਚਿਕੁਨਗੁਨੀਆ ਦੇ ਸਾਰੇ ਟੈੱਸਟ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹਨ।
ਇਸ ਮੌਕੇ ਪ੍ਰਧਾਨ ਪ੍ਰਾਈਵੇਟ ਲੈਬ ਰਜਨੀਸ਼ ਗਰਗ ਸ਼੍ਰੀ ਮੁਕਤਸਰ ਸਾਹਿਬ, ਨੀਰਜ ਕੁਮਾਰ ਮਲੋਟ ਅਤੇ ਅਮਨ ਗਿੱਦੜਬਾਹਾ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਪਹਿਲਾਂ ਦੀ ਤਰ੍ਹਾਂ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਡਾ. ਸੀਮਾ ਗੋਇਲ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਪ੍ਰਾਈਵੇਟ ਕਾਰਡ ਟੈੱਸਟ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਨਹੀਂ ਹੈ। ਇਸ ਤੋਂ ਇਲਾਵਾ ਥੈਲੇਸੀਮੀਆ ਦੇ ਮਰੀਜ਼ਾਂ ਲਈ ਖ਼ੂਨਦਾਨ ਕੈਂਪ ਵੱਧ ਤੋਂ ਵੱਧ ਲਾਉਣ ਦੀ ਅਪੀਲ ਕੀਤੀ। ਇਸ ਸਮੇਂ ਭਗਵਾਨ ਦਾਸ ਅਤੇ ਲਾਲ ਚੰਦ ਹੈਲਥ ਸੁਪਰਵਾਈਜ਼ਰ ਨੇ ਅਪੀਲ ਕੀਤੀ ਕਿ ਆਪਣੇ ਆਲੇ-ਦੁਆਲੇ ਸਫ਼ਾਈ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ, ਆਪਣੇ ਘਰਾਂ ਅਤੇ ਆਸ-ਪਾਸ ਟੁੱਟੇ ਘੜੇ, ਗਮਲੇ, ਟਾਇਰ ਅਤੇ ਹੋਰ ਪਾਣੀ ਜਮ੍ਹਾਂ ਹੋਣ ਵਾਲੇ ਸਰੋਤਾਂ ਵਿੱਚ ਇਕ ਹਫ਼ਤੇ ਤੋਂ ਵੱਧ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ, ਕੂਲਰਾਂ ਅਤੇ ਫ਼ਰਿੱਜਾਂ ਦੀ ਸਫ਼ਾਈ ਹਫ਼ਤੇ ਵਿੱਚ ਇਕ ਵਾਰ ਜ਼ਰੂਰ ਕਰੋ, ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਜਾਲੀਦਾਰ ਦਰਵਾਜ਼ੇ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕਰੋ, ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਜੇਕਰ ਪਾਣੀ ਖੜ੍ਹਾ ਹੈ ਤਾਂ ਉਸ ਵਿਚ ਕਾਲਾ ਤੇਲ ਪਾਇਆ ਜਾਵੇ। ਇਸ ਮੌਕੇ ਵਿਨੋਦ ਖੁਰਾਣ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਅਮਨਦੀਪ ਸਿੰਘ ਪ੍ਰਧਾਨ, ਸਤਪਾਲ ਸਿੰਘ ਵਾਲੀਆ ਚੇਅਰਮੈਨ, ਸੰਦੀਪ ਕੁਮਾਰ ਇੰਟੈਕਟ ਕੁਲੈਟਰ ਅਤੇ ਪ੍ਰਾਈਵੇਟ ਲੈਬ ਦੇ ਅਹੁਦੇਦਾਰ ਅਤੇ ਸਟਾਫ਼ ਹਾਜ਼ਿਰ ਸੀ। Author : Malout Live