9 ਮਈ ਨੂੰ ਸਾਰੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਪ੍ਰਦਰਸ਼ਨ ਕਰੇਗਾ ਸ਼੍ਰੋਮਣੀ ਅਕਾਲੀ ਦਲ
ਮਲੋਟ(ਪੰਜਾਬ):- ਪੰਜਾਬ ਦੇ ਮੌਜੂਦਾ ਮੁੱਦਿਆਂ ਨੂੰ ਲੈ ਕੇ 9 ਮਈ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਧਰਨਾ ਪ੍ਰਦਰਸ਼ਨ ਕਰੇਗਾ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ, ਬਿਜਲੀ ਕੱਟ, ਰਸੋਈ ਗੈਸ ਦੇ ਵੱਧ ਰਹੇ ਰੇਟਾਂ ਨੂੰ ਲੈ ਕੇ ਜਿਸ ਤਰ੍ਹਾਂ ਜਨਤਾ ਵਿੱਚ ਪ੍ਰੇਸ਼ਾਨੀ ਵਧ ਰਹੀ ਹੈ। ਉਸ ਖਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ ਤੇ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਗਏ, ਉਸ ਦਾ ਸੱਚ ਜਨਤਾ ਸਾਹਮਣੇ ਰੱਖਾਂਗੇ।
ਮਾਨਸਾ ‘ਚ ਜਿਸ ਤਰ੍ਹਾਂ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਬਿਨਾਂ ਗਿਰਦਾਵਰੀ ਮੁਆਵਜ਼ਾ ਦਿੱਤਾ ਜਾਵੇਗਾ, ਇਹ ਸਭ ਤੋਂ ਵੱਡਾ ਮਜ਼ਾਕ ਸੀ ਜਿਸ ਵਿੱਚ ਅਜੇ ਤੱਕ ਇੱਕ ਰੁਪਿਆ ਤੱਕ ਨਹੀਂ ਦਿੱਤਾ ਗਿਆ। ਗਰਮੀ ਕਾਰਨ ਜਿਸ ਤਰ੍ਹਾਂ ਕਣਕ ਦਾ ਝਾੜ ਘੱਟ ਹੋਇਆ ਹੈ ਉਸ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਲਈ ਕਦਮ ਨਹੀਂ ਚੁੱਕੇ ਅਤੇ ਕੇਂਦਰ ਤੋਂ ਅਜਿਹੀ ਸਥਿਤੀ ਲਈ ਵਕਾਲਤ ਕਰਨ ਸਰਕਾਰ ਨਹੀਂ ਗਈ ਤੇ ਕੇਂਦਰ ਤੋਂ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਜਾਵੇ ਜਿਸ ਵਿਚੋਂ ਪੰਜਾਬ ਸਰਕਾਰ 250 ਰੁਪਏ ਦਾ ਹਿੱਸਾ ਦੇਵੇ ਜੋ ਕਿ ਵੈਟ ਨਾਲ ਦਿੱਤਾ ਜਾਣਾ ਚਾਹੀਦਾ। ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਯਾਦ ਪੱਤਰ ਡੀ.ਸੀ ਨੂੰ ਦਿੱਤਾ ਜਾਵੇਗਾ।