ਵਿਦੇਸ਼ੀ ਨੰਬਰਾਂ ਵਾਲੇ ਮੋਬਾਇਲਾਂ, ਨਾਜਾਇਜ ਅਸਲੇ ਤੇ ਗੋਲੀ ਸਿੱਕਾ ਸਮੇਤ ਲਾਰੈਂਸ ਬਿਸਨੋਈ ਗਰੁੱਪ ਦੇ ਦੋ ਮੈਂਬਰ ਕਾਬੂ
ਮਲੋਟ:- ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਹੱਦਾਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਹੋਣ ਕਾਰਨ ਅਤੇ ਇਹ ਜਿਲ੍ਹਾ ਸੜਕੀ ਅਤੇ ਰੇਲ ਆਵਾਜਾਈ ਰਾਂਹੀ ਦਿੱਲੀ ਅਤੇ ਹੋਰ ਮਹਾਂਨਗਰਾਂ ਨਾਲ ਸਿੱਧੇ ਤੌਰ ਤੇ ਜੁੜੇ ਹੋਣ ਕਾਰਨ ਇੱਥੇ ਸਮਾਜ ਵਿਰੋਧੀ ਅਨਸਰਾਂ ਦੇ ਆਉਣ ਜਾਣ ਦਾ ਖਤਰਾ ਅਕਸਰ ਬਣਿਆ ਰਹਿੰਦਾ ਹੈ। ਇਸ ਪ੍ਰਕਾਰ ਦੇ ਪੇਸ਼ੇਵਰ ਮੁਜਰਿਮਾਂ ਤੇ ਆਪਣੀ ਪਕੜ ਲਗਾਤਰ ਅਤੇ ਮਜਬੂਤ ਬਣਾਏ ਰੱਖਣ ਲਈ ਜਿਲ੍ਹੇ ਦੀਆਂ ਮੁੱਖ ਅਤੇ ਲਿੰਕ ਸੜਕਾਂ ਪਰ ਜਿਲ੍ਹਾ ਪੁਲਿਸ ਵੱਲੋ ਲਗਾਤਰ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਪੁਲਿਸ ਪਬਲਿਕ ਦੋਸਤੀ ਦੇ ਰਿਸ਼ਤੇ ਨੂੰ ਵਧਾਉਂਦਿਆ ਆਮ ਲੋਕਾਂ ਤੋਂ ਸਹਿਯੋਗ ਅਤੇ ਠੋਸ ਸੂਚਨਾਵਾਂ ਦੀ ਮੰਗ ਕੀਤੀ ਜਾ ਰਹੀ ਹੈ। ਜਿਲ੍ਹਾ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਇਹਨਾਂ ਕੋਸ਼ਿਸ਼ਾਂ ਦੀ ਕਮਾਂਡ ਸ਼੍ਰੀ ਧਰੂਮਨ ਐੱਚ.ਨਿੰਬਾਲੇ ਆਈ.ਪੀ.ਐੱਸ ਵੱਲੋਂ ਖੁੱਦ ਕੀਤੀ ਜਾ ਰਹੀ ਹੈ। ਬੀਤੇ ਕੱਲ ਇੱਕ ਠੋਸ ਅਤੇ ਵਿਸ਼ਵਾਸ਼ ਯੋਗ ਇਤਲਾਹ ਤੇ ਪੁਲਿਸ ਕਾਰਵਾਈ ਕਰਦਿਆਂ ਸਥਾਨਕ ਸੀ.ਆਈ.ਏ (ਕਰਾਈਮ ਬ੍ਰਾਂਚ) ਦੀ ਇੱਕ ਵਿਸ਼ੇਸ਼ ਪੁਲਿਸ ਪਾਰਟੀ ਜਿਸ ਦੀ ਅਗਵਾਈ ਐੱਸ.ਆਈ ਸੂਰਤ ਸਿੰਘ ਵੱਲੋਂ ਕੀਤੀ ਜਾ ਰਹੀ ਸੀ ਅਤੇ ਉਸ ਵਿੱਚ ਲੋੜੀਦੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਸ਼ਾਮਿਲ ਸਨ, ਦੀਆਂ ਕੋਸ਼ਿਸ਼ਾਂ ਸਦਕਾ ਦੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜੋ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਹਨਾਂ ਕਾਬੂ ਕੀਤੇ ਗਏ ਸ਼ੱਕੀ ਵਿਅਕਤੀਆਂ ਦੇ ਨਾਮ ਗੁਰਪ੍ਰੀਤ ਸਿੰਘ ਉਰਫ ਸੋਨੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕੋਟਲੀ ਸੰਘਰ ਥਾਣਾ ਬਰੀਵਾਲਾ ਅਤੇ ਸੁਧੀਰ ਭੱਟੀ ਪੁੱਤਰ ਨੰਦ ਲਾਲ ਵਾਸੀ ਚੱਕ ਖੁੱਬਣ ਥਾਣਾ ਸਦਰ ਹਨੂੰਮਾਨਗੜ੍ਹ (ਰਾਜਸਥਾਨ) ਹਨ।
ਇਹਨਾਂ ਕਾਬੂ ਕੀਤੇ ਗਏ ਸ਼ੱਕੀ ਵਿਅਕਤੀਆਂ ਪਾਸੋਂ ਇੱਕ ਪਿਸਤੌਲ ਦੇਸੀ ਕੱਟਾ 315 ਬੋਰ ਸਮੇਤ ਪੰਜ ਜਿੰਦਾ ਕਾਰਤੂਤ, ਇੱਕ ਮੋਬਾਇਲ ਮਾਰਕਾ ਵੀਵੋ ਕੰਪਨੀ, ਇੱਕ ਮੋਬਾਇਲ ਮਾਰਕਾ ਔਪੋ ਕੰਪਨੀ ਅਤੇ ਇੱਕ ਬਿਨਾ ਨੰਬਰੀ ਮੋਟਰਸਾਇਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮੁੱਢਲੀ ਪੁਲਿਸ ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹਨਾ ਪਾਸੋਂ ਮਿਲੇ ਹੋਏ ਮੋਬਾਇਲਾਂ ਵਿੱਚ ਵਿਦੇਸ਼ੀ ਨੰਬਰ ਵੀ ਚੱਲ ਰਹੇ ਸਨ ਅਤੇ ਇਹ ਸ਼ੱਕੀ ਵਿਅਕਤੀ, ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਸੰਬੰਧਿਤ ਹਨ ਅਤੇ ਉਸਦੇ ਗਰੁੱਪ ਲਈ ਆਪਣੇ ਮੋਬਾਇਲਾਂ ਤੋਂ ਵਿਦੇਸ਼ੀ ਮੋਬਾਇਲ ਨੰਬਰਾਂ ਦੀ ਵਰਤੋਂ ਕਰਦੇ ਹੋਏ ਵੱਟਸਐਂਪ ਕਾਲਾਂ ਰਾਹੀ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀਆਂ ਹਾਸਿਲ ਕਰਦੇ ਸਨ। ਹੁਣ ਵੀ ਇਹਨਾਂ ਵੱਲੋਂ ਮੰਗੀ ਗਈ ਫਿਰੌਤੀ ਨੂੰ ਹਾਸਿਲ ਕਰਨ ਲਈ ਇਹ ਆਪਣੇ ਬਿਨਾਂ ਨੰਬਰੀ ਮੋਟਰਸਾਇਕਲ ਪਰ ਸਵਾਰ ਹੋ ਕੇ ਕਿੱਧਰੇ ਜਾ ਰਹੇ ਸਨ, ਜੋ ਜਿਲ੍ਹਾ ਪੁਲਿਸ ਵੱਲੋਂ ਬਣਾਏ ਗਏ ਜਾਲ ਵਿੱਚ ਫਸਾ ਕੇ ਕਾਬੂ ਕਰ ਲਏ ਹਨ। ਇਹਨਾਂ ਸ਼ੱਕੀ ਵਿਅਕਤੀਆਂ ਦੇ ਵਿਰੱਧ ਥਾਣਾ ਬਰੀਵਾਲਾ ਵਿਖੇ ਮੁਕੱਦਮਾਂ ਨੰਬਰ 38 ਅਧੀਨ ਧਾਰਾ 384, 506, ਭਾ:ਦੰ: 25(6), 25(7), 25(8) ਅਸਲਾ ਐਕਟ ਅਧੀਨ ਦਰਜ ਰਜਿਸਟਰ ਕਰ ਕੇ ਇਹਨਾਂ ਨੂੰ ਬਕਾਇਦਾ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਲ੍ਹਾ ਪੁਲਿਸ ਵੱਲੋਂ ਇਹਨਾਂ ਤੋਂ ਪੂਰੀ ਸਖਤੀ ਅਤੇ ਬਰੀਕੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਦੇ ਮਾੜੇ ਮਨਸੂਬਿਆਂ ਨੂੰ ਪੂਰਿਆ ਕਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। Author : Malout Live