ਰੇਤ ਭਰੀ ਟਰੈਕਟਰ ਟਰਾਲੀ ਚਾਲਕ ਸਮੇਤ ਕਾਬੂ
ਮਮਦੋਟ :- ਰੇਤ ਦੀ ਨਜਾਇਜ ਮਾਈਨਿੰਗ ਕਰਨ ਵਾਲੇ ਇੱਕ ਵਿਅਕਤੀ ਨੂੰ ਰੇਤ ਦੀ ਭਰੀ ਟਰੈਕਟਰ ਟਰਾਲੀ ਸਮੇਤ ਚਾਲਕ ਨੂੰ ਕਾਬੂ ਕਰਨ ਵਿੱਚ ਮਮਦੋਟ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਬਸਤੀ ਗੁਲਾਬ ਸਿੰਘ ਵਾਲੀ ਤੇ ਬਸਤੀ ਮੋਹਰ ਸਿੰਘ ਵਾਲੀ ਨੂੰ ਜਾ ਰਹੇ ਸੀ। ਜਦੋਂ ਉਹ ਚਪਾਤੀ ਚੋਂਕ ਕੋਲ ਪੁਜੇ ਤਾਂ ਉਹਨਾਂ ਨੂੰ ਇੱਕ ਮੁਖਬਰ ਨੇ ਸੂਚਨਾ ਦਿੱਤੀ ਕਿ ਰੇਤ ਦੀ ਨਜਾਇਜ ਮਾਈਨਿੰਗ ਕਰਨ ਵਾਲਾ ਇੱਕ ਵਿਅਕਤੀ ਰੇਤ ਭਰੀ ਟਰੈਕਟਰ ਟਰਾਲੀ ਲੈ ਕੇ ਮਮਦੋਟ ਨੂੰ ਆਉਣ ਵਾਲੀ ਲਛਮਣ ਨਹਿਰ ਦੀ ਪਟੜੀ ਤੇ ਆ ਰਿਹਾ ਹੈ।
ਸੂਚਨਾ ਮਿਲਣ ਤੇ ਉਹਨਾਂ ਨੇ ਮਹਾਰਾਜਾ ਪੈਲੇਸ ਕੋਲ ਨਹਿਰ ਦੇ ਪੁੱਲ ਤੇ ਨਾਕੇਬੰਦੀ ਕਰ ਕੇ ਨਹਿਰ ਦੀ ਪਟੜੀ ਤੇ ਆ ਰਹੇ ਇੱਕ ਟਰੈਕਟਰ ਟਰਾਲੀ ਨੂੰ ਰੋਕ ਕੇ ਜਦੋਂ ਚੈਕ ਕੀਤਾ ਤਾਂ ਉਸ ਵਿੱਚ ਰੇਤ ਪਾਈ ਗਈ। ਪੁੱਛਗਿੱਛ ਕਰਨ ਤੇ ਟਰੈਕਟਰ ਚਾਲਕ ਰੇਤ ਸਬੰਧੀ ਕੋਈ ਠੋਸ ਜਵਾਬ ਨਹੀਂ ਦੇ ਸਕਿਆ। ਪੁੱਛਗਿੱਛ ਦੌਰਾਨ ਟਰੈਕਟਰ ਚਾਲਕ ਨੇ ਆਪਣੀ ਪਹਿਚਾਣ ਓਮ ਪ੍ਰਕਾਸ਼ ਪੁੱਤਰ ਸੋਨਾ ਸਿੰਘ ਨਿਵਾਸੀ ਗਜ਼ਨੀ ਵਾਲਾ ਵਜੋਂ ਦੱਸੀ। ਕਥਿਤ ਦੋਸ਼ੀ ਦੇ ਖਿਲਾਫ ਥਾਣਾ ਮਮਦੋਟ ਵਿਖੇ ਆਈ ਪੀ ਸੀ ਐਕਟ ਧਾਰਾ 379 ਅਤੇ ਮਾਈਨਿੰਗ ਐਕਟ 21 (3) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।