ਨਿੱਜੀ ਬੱਸ ਆਪ੍ਰੇਟਰਾਂ ਨੇ ਮਲੋਟ ਬੱਸ ਅੱਡੇ 'ਚ ਬੱਸਾਂ ਨੁੱਕਰੇ ਲਗਾ ਕੇ ਹੜਤਾਲ ਦਾ ਪੂਰੀ ਤਰ੍ਹਾਂ ਕੀਤਾ ਸਮਰਥਨ

ਮਲੋਟ: ਬੱਸ ਆਪ੍ਰੇਟਰ ਯੂਨੀਅਨ ਪੰਜਾਬ ਦੇ ਦਿੱਤੇ ਸੱਦੇ ਦਾ ਬੀਤੇ ਦਿਨੀਂ ਮਲੋਟ ਦੇ ਨਿੱਜੀ ਬੱਸ ਅੱਡੇ ਵਿੱਚ ਵੀ ਅਸਰ ਵੇਖਣ ਨੂੰ ਮਿਲਿਆ। ਜਿੱਥੇ ਨਿੱਜੀ ਬੱਸ ਕੰਪਨੀਆਂ ਦੇ ਮਾਲਕਾਂ ਵੱਲੋਂ ਆਪੋ ਆਪਣੀਆਂ ਬੱਸਾਂ ਅੱਡੇ ਵਿੱਚ ਖੜ੍ਹੀਆਂ ਕਰ ਦਿੱਤੀਆਂ ਗਈਆਂ ਅਤੇ ਹੜਤਾਲ ਦਾ ਪੂਰੀ ਤਰ੍ਹਾਂ ਸਮਰਥਨ ਕੀਤਾ। ਹੜਤਾਲ ਕਾਰਨ ਬੱਚੇ, ਔਰਤਾਂ ਤੇ ਬਜ਼ੁਰਗ ਸਵਾਰੀਆਂ ਗਰਮੀ ਵਿੱਚ ਬੇਹਾਲ ਹੋਈਆਂ ਬੱਸ ਅੱਡੇ ਵਿਚ ਬੱਸਾਂ ਦੀ ਉਡੀਕ ਕਰਦੀਆਂ ਨਜ਼ਰ ਆਈਆਂ। ਪਿਛਲੀ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਸੀ। ਨਿੱਜੀ ਬੱਸ ਆਪਰੇਟਰਾਂ ਦਾ ਕਹਿਣਾ ਹੈ ਕਿ ਇਸ ਨਾਲ ਨਿੱਜੀ ਸੈਕਟਰ ਦੇ ਬੱਸ ਓਪਰੇਟਰਾਂ ਨੂੰ ਬਹੁਤ ਘਾਟਾ ਪਿਆ ਹੈ ਅਤੇ ਇਸ ਵਿਰੋਧ ਕਾਰਨ ਹੜਤਾਲ ਕੀਤੀ ਗਈ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਪਹਿਲਾਂ ਤੋਂ ਹੀ ਮੰਦੇ ਦੀ ਮਾਰ ਝੱਲ ਰਹੇ ਹਨ ਅਤੇ ਸਰਕਾਰ ਦੀ ਇਸ ਸਹੂਲਤ ਦਾ ਨਿੱਜੀ ਬੱਸ ਆਪਰੇਟਰਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। Author: Malout Live