ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਭਾਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ 553ਵਾਂ ਪ੍ਰਕਾਸ਼ ਪੁਰਬ

ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਪਹਿਲਾਂ ਸਵੇਰੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਭਾਈ ਗੁਰਵੀਰ ਸਿੰਘ ਮਲੇਸ਼ੀਆ ਵਾਲਿਆਂ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਅਤੇ ਬਾਬੇ ਨਾਨਕ ਦੀਆਂ ਸਾਖੀਆਂ ਸੁਣਾ ਕੇ ਸੰਗਤ ਨੂੰ ਬਾਬਾ ਨਾਨਕ ਦੀਆਂ ਦਿੱਤੀਆਂ ਸਿਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ।

ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਬਾਬਾ ਨਾਨਕ ਦੀ ਮੁੱਢਲੀ ਸਿੱਖਿਆ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤ 'ਤੇ ਪਹਿਰਾ ਦੇਣ ਲਈ ਕਿਹਾ। ਬਾਬਾ ਜੀ ਉਪਰੰਤ ਭਾਈ ਜਗਮੀਤ ਸਿੰਘ ਲੰਬੀ ਦੇ ਜੱਥੇ ਵੱਲੋਂ ਦੀਵਾਨ ਸਜਾਏ ਗਏ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸ਼ਾਮ ਨੂੰ ਦੇਸੀ ਘਿਓ ਦੇ ਦੀਵਿਆਂ ਦੀ ਦੀਪਮਾਲਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਿਰ ਹੋਈ। Author: Malout Live