ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਬਰਸਾਤੀ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ - ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਾਰਮ ਅਧੀਨ ਡੇਂਗੂ ਮਲੇਰੀਆ ਦੀ ਬਿਮਾਰੀ ਦੇ ਫੈਲਣ ਤੋਂ ਬਚਾਅ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧ ਵਿੱਚ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਬੀਤੇ ਦਿਨੀਂ ਹੋਈ ਬਰਸਾਤ ਕਾਰਨ ਡੇਂਗੂ ਅਤੇ ਮਲੇਰੀਆ ਦਾ ਖਤਰਾ ਵੱਧ ਗਿਆ। ਇਸ ਲਈ ਸਾਨੂੰ ਕਿਸੇ ਜਗ੍ਹਾ ਵਿੱਚ ਬਰਸਾਤੀ ਪਾਣੀ ਜਮ੍ਹਾਂ ਨਹੀ ਹੋਣ ਦੇਣਾ ਚਾਹੀਦਾ ਤਾਂ ਜੋ ਮੱਛਰ ਦੇ ਪੈਦਾਇਸ਼ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਡਰਾਈ-ਡੇਅ ਮੌਕੇ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਰੈੱਡ ਕਰਾਸ ਭਵਨ, ਗੁਰੂ ਗੋਬਿੰਦ ਸਿੰਘ ਪਾਰਕ, ਮਾਤਾ ਭਾਗ ਕੌਰ ਪਾਰਕ, ਸਬਜ਼ੀ ਮੰਡੀ, ਫਾਇਰ ਬ੍ਰਿਗੇਡ ਦਫਤਰ, ਸਿਟੀ ਥਾਨਾ, ਫੂਡ ਸਪਲਾਈ ਦਫਤਰ, ਸੀਵਰੇਜ ਪਲਾਂਟ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਪਾਣੀ ਦੀਆਂ ਟੈਂਕੀਆਂ, ਕੂਲਰ, ਗਮਲਿਆਂ ਅਤੇ ਹੋਰ ਪਾਣੀ ਇਕੱਠਾ ਹੋਣ ਦੇ ਸਰੋਤ ਆਦਿ ਚੈੱਕ ਕਰਕੇ ਜਮ੍ਹਾਂ ਹੋਏ ਪਾਣੀ ਦੇ ਸਰੋਤਾਂ ਨੂੰ ਖਾਲੀ ਕਰਵਾਇਆ ਗਿਆ ਅਤੇ ਖੜ੍ਹੇ ਪਾਣੀ ਵਿਚ ਐਂਟੀ ਲਾਰਵੇ ਦਾ ਸਪਰੇ ਕੀਤਾ ਗਿਆ।
ਇਸ ਸਮੇਂ ਜਿਲ੍ਹਾ ਹੈਲਥ ਇੰਸਪੈਕਟਰ ਲਾਲ ਚੰਦ ਵੀ ਟੀਮਾਂ ਨਾਲ ਮੌਜੂਦ ਰਹੇ ਅਤੇ ਉਨ੍ਹਾ ਇਸ ਮੌਕੇ ਆਮ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਦਾ ਮੱਛਰ ਇਕ ਹਫਤੇ ਤੋਂ ਵੱਧ ਜਮ੍ਹਾਂ ਹੋਏ ਸਾਫ ਪਾਣੀ ਵਿੱਚ ਪਨਪਦਾ ਹੈ, ਮੱਛਰ ਦੀਆਂ ਤਿੰਨ ਸਟੇਜਾਂ ਅੰਡਾ, ਲਾਰਵਾ ਅਤੇ ਪਿਊਪਾ ਪਾਣੀ ਵਿੱਚ ਹੁੰਦੀਆਂ ਹਨ ਤੇ ਇਸ ਦਾ ਜੀਵਨ ਕਾਲ ਇਕ ਹਫਤੇ ਦਾ ਹੁੰਦਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਹਰ ਹਫਤੇ ਸ਼ੁੱਕਰਵਾਰ ਡਰਾਈ-ਡੇਅ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ ਅਤੇ ਇਸ ਦਿਨ ਜਮ੍ਹਾਂ ਕੀਤੇ ਹੋਏ ਪਾਣੀ ਦੇ ਸਰੋਤਾਂ ਨੂੰ ਇਕ ਵਾਰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ ਤੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਬੁਖਾਰ ਹੋਣ ਦੀ ਸੂਰਤ ਵਿਚ ਨੇੜੇ ਸਰਕਾਰੀ ਸਿਹਤ ਸੰਸਥਾ ਵਿੱਚ ਜਾਣਾ ਚਾਹੀਦਾ ਹੈ, ਸਰਕਾਰੀ ਹਸਪਤਾਲਾਂ ਵਿੱਆਚ ਡੇਂਗੂ ਅਤੇ ਮਲੇਰੀਆ ਦੇ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ, ਗੁਰਜੀਤ ਸਿੰਘ, ਗੁਰਸੇਵਕ ਸਿੰਘ ਅਤੇ ਬ੍ਰੀਡਿੰਗ ਚੈੱਕਰ ਹਾਜ਼ਿਰ ਸਨ। Author: Malout Live