ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਗੰਜ ਮਲਟੀ ਮਾਡਲ ਟਰਮੀਨਲ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲ ਮਾਰਗ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਾਲੇ ਝਾਰਖੰਡ ਵਿਚ ਸਾਹਿਬਗੰਜ ਮਲਟੀ ਮਾਡਲ ਟਰਮੀਨਲ ਦਾ ਉਦਘਾਟਨ ਕੀਤਾ। ਮੋਦੀ ਨੇ ਇੱਥੇ ਜਗਨਨਾਥ ਮੈਦਾਨ 'ਚ ਆਯੋਜਿਤ ਪ੍ਰੋਗਰਾਮ ਵਿਚ ਆਈਪੈਡ ਦਾ ਬਟਨ ਦਬਾ ਕੇ ਸਾਹਿਬਗੰਜ ਮਲਟੀ ਮਾਡਲ ਟਰਮੀਨਲ ਦਾ ਉਦਘਾਟਨ ਕੀਤਾ। ਝਾਰਖੰਡ ਦਾ ਪਹਿਲਾ ਮਲਟੀ ਮਾਡਲ ਟਰਮੀਨਲ ਨਦੀਆਂ 'ਤੇ ਬਣਿਆ ਪਹਿਲਾ ਅਜਿਹਾ ਟਰਮੀਨਲ ਹੈ, ਜੋ ਕਨਟੇਨਰ ਕਾਰਗੋ ਹੈਂਡਲਿੰਗ ਵਿਚ ਸਮਰੱਥ ਹੋਵੇਗਾ। ਸਾਗਰਮਾਲਾ ਯੋਜਨਾ ਦਾ ਹਿੱਸਾ ਬਣਿਆ ਝਾਰਖੰਡ ਵਾਰਾਣਸੀ-ਹਲਦੀਆ ਜਲ ਮਾਰਗ ਸ਼ੁਰੂ ਹੋਣ ਤੋਂ ਬਾਅਦ ਕੋਲਕਾਤਾ ਬੰਦਰਗਾਹ ਜ਼ਰੀਏ ਇਹ ਉੱਤਰ ਭਾਰਤ ਨੂੰ ਪੂਰਬੀ ਅਤੇ ਪੂਰਬੀ-ਉੱਤਰ ਭਾਰਤ, ਬੰਗਲਾਦੇਸ਼, ਨੇਪਾਲ, ਮਿਆਂਮਾਰ ਅਤੇ ਹੋਰ ਦੱਖਣੀ ਏਸ਼ੀਆ ਨੂੰ ਜੋੜੇਗਾ। ਸਾਹਿਬਗੰਜ ਮਲਟੀ ਮਾਡਲ ਟਰਮੀਨਲ ਦੀ ਲਾਗਤ ਕਰੀਬ 290 ਕਰੋੜ ਰੁਪਏ ਹੈ। ਇਹ ਰਿਕਾਰਡ ਸਮੇਂ ਵਿਚ ਦੋ ਸਾਲ ਵਿਚ ਬਣ ਕੇ ਤਿਆਰ ਹੋਇਆ। ਮੋਦੀ ਨੇ ਇਸ ਦਾ ਨੀਂਹ ਪੱਥਰ 6 ਅਪ੍ਰੈਲ 2017 ਨੂੰ ਰੱਖਿਆ ਸੀ। ਝਾਰਖੰਡ-ਬਿਹਾਰ ਦੇ ਉਦਯੋਗਾਂ ਨੂੰ ਗਲੋਬਲ ਬਾਜ਼ਾਰ ਨਾਲ ਜੋੜਨ ਵਾਲਾ ਇਹ ਜਲ ਮਾਰਗ ਵਿਕਾਸ ਪ੍ਰਾਜੈਕਟ ਤਹਿਤ ਗੰਗਾ ਨਦੀ 'ਤੇ ਬਣਾਏ ਜਾ ਰਹੇ 3 ਮਲਟੀ ਮਾਡਲ ਟਰਮੀਨਲਾਂ ਵਿਚੋਂ ਦੂਜਾ ਟਰਮੀਨਲ ਹੈ। ਇਸ ਤੋਂ ਪਹਿਲਾਂ ਨਵੰਬਰ 2018 'ਚ ਪੀ. ਐੱਮ. ਮੋਦੀ ਨੇ ਵਾਰਾਣਸੀ ਵਿਚ ਪਹਿਲੇ ਮਲਟੀ-ਮਾਡਲ ਟਰਮੀਨਲ ਦਾ ਉਦਘਾਟਨ ਕੀਤਾ ਸੀ।