ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਅਤੀ ਆਧੁਨਿਕ ਟੈਨਿਸ ਅਕੈਡਮੀ ਦਾ ਤੋਹਫਾ

ਸ੍ਰੀ ਮੁਕਤਸਰ ਸਾਹਿਬ:- ਜ਼ਿਲਾ ਓਲੰਪਿਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਾਸੀਆਂ ਖਾਸ ਕਰ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਮੋੜਨ ਲਈ ਵਿਲੱਖਣ ਪਹਿਲ ਕੀਤੀ ਹੈ। ਤੰਦਰੁਸਤ ਪੰਜਾਬ ਮਿਸ਼ਨ ਅਤੇ ਮੇਰਾ ਮੁਕਤਸਰ ਮੇਰਾ ਮਾਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ 29 ਲੱਖ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਟੈਨਿਸ ਅਕੈਡਮੀ ਤਿਆਰ ਬਰ ਤਿਆਰ ਹੈ ਤੇ ਟੈਨਿਸ ਦੇ ਮੁਰੀਦਾਂ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਆਈਏਐਸ ਨੇ ਦੱਸਿਆ ਕਿ ‘ਮੁਕਤਸਰ ਟੈਨਿਸ ਅਕੈਡਮੀ’ ਇੱਥੇ ਸਥਿਤ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਬਣਾਈ ਗਈ ਹੈ, ਜਿਸ ’ਤੇ 29 ਲੱਖ ਰੁਪਏ ਦੀ ਲਾਗਤ ਆਈ ਹੈ। ਇਹ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਅਕੈਡਮੀ ਦੀ ਵਿਲੱਖਣਤਾ ਇਹ ਹੈ ਕਿ ਇੱਥੇ ਦੋ 6-ਪਰਤੀ ਸਿੰਥੈਟਿਕ ਟੈਨਿਸ ਕੋਰਟ ਬਣਾਏ ਗਏ ਹਨ ਤੇ ਸ੍ਰੀ ਮੁਕਤਸਰ ਸਾਹਿਬ ਇਹ ਸਹੂਲਤ ਦੇਣ ਵਿਚ ਇਸ ਖਿੱਤੇ ਦੇ ਦੱਖਣੀ-ਪੱਛਮੀ ਜ਼ਿਲਿਆਂ ’ਚੋਂ ਮੋਹਰੀ ਹੈ। ਇਸ ਛੇ-ਪਰਤੀ ਸਿੰਥੈਟਿਕ ਕੋਰਟ ’ਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਟੈਨਿਸ ਮੁਕਾਬਲੇ ਵੀ ਕਰਵਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਇਸ ਟੈਨਿਸ ਅਕੈਡਮੀ ਵਿਚ ਸਾਰੇ ਉਮਰ ਵਰਗਾਂ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਤੇ ਇਸ ਉਦੇਸ਼ ਲਈ ਮਾਹਿਬ ਕੋਚ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਟੈਨਿਸ ਅਕੈਡਮੀ ਦੇ ਬੂਹੇ ਆਉਦੇ ਦਿਨੀਂ ਜ਼ਿਲਾ ਵਾਸੀਆਂ ਲਈ ਖੋਲ ਦਿੱਤੇ ਜਾਣਗੇ। ਸਿਖਲਾਈ ਲੈਣ ਵਾਲਿਆਂ ਲਈ ਰਜਿਸਟ੍ਰੇਸ਼ਨ ਸ਼ੁਰੂੂ ਹੋ ਗਈ ਹੈ। ਆਨਲਾਈਨ ਰਜਿਸਟ੍ਰੇਸ਼ਨ eramuktsarmeramaan.com/english/tennis ’ਤੇ ਜਾ ਕੀਤੀ ਜਾ ਸਕਦੀ ਹੈ। ਇਸ ਟੈਨਿਸ ਅਕੈਡਮੀ ਵਿਚ ਸਿਖਲਾਈ ਲਈ ਕੁਝ ਫੀਸ ਵੀ ਨਿਰਧਾਰਿਤ ਕੀਤੀ ਗਈ ਹੈ ਤੇ ਸਿਖਲਾਈ ਦਾ ਪ੍ਰਬੰਧ ਹਰ ਉਮਰ ਵਰਗ ਦੇ ਵਿਅਕਤੀਆਂ ਲਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਜ਼ਿਲਾ ਓਲੰਪਿਕ ਐਸੋਸੀਏਸ਼ਨ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਟੈਨਿਸ ਅਕੈਡਮੀ ਵਿਚ ਸਿਖਲਾਈ ਲੈਣ ਦਾ ਸਮਾਂ ਸਵੇਰੇ 5 ਤੋਂ 8 ਵਜੇ ਅਤੇ ਸ਼ਾਮ ਨੂੰ ਵੀ 5 ਤੋਂ 8 ਵਜੇ ਨਿਰਧਾਰਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਲੜਕੀਆਂ ਦੇ ਵੱਖਰੇ ਬੈਚ ਦਾ ਪ੍ਰਬੰਧ ਹੋਵੇਗਾ। ਉਨਾਂ ਜ਼ਿਲਾ ਵਾਸੀਆਂ ਨੂੰ ਇਸ ਟੈਨਿਸ ਅਕੈਡਮੀ ਨਾਲ ਜੁੜ ਕੇ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਸੱਦਾ ਦਿੱਤਾ।