ਲੌਂਗੋਵਾਲ ਹਾਦਸੇ ਤੋਂ ਬਾਅਦ ਪੂਰੇ ਪੰਜਾਬ ‘ਚ ਪੁਲਿਸ ਨੇ ਕੀਤੀ ਸਕੂਲ ਬੱਸਾਂ ਦੀ ਚੈਕਿੰਗ
ਜੈਤੋ:- ਪਿੰਡ ਲੌਂਗੋਵਾਲ ’ਚ ਬੱਚਿਆਂ ਨਾਲ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਸਾਰਾ ਪ੍ਰਸ਼ਾਸਨ ਜਾਗਦਾ ਹੋਇਆ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਦੇ ਆਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਜੈਤੋ ਵਿਖੇ ਏ.ਡੀ.ਸੀ. ਫਰੀਦਕੋਟ ਵਲੋਂ ਸਕੂਲ ਵੈਨ-ਬੱਸਾਂ ਦੀ ਅੱਜ ਸਵੇਰ ਤੋਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਬਹੁਤ ਸਾਰੇ ਵਾਹਨਾਂ ’ਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ। ਜੈਤੋਂ ’ਚ ਚੱਲ ਰਹੀ ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਇਕ ਸਕੂਲ ਵੈਨ ਪੱਚੀ ਦੇ ਕਰੀਬ ਬੱਚੇ ਤੂੜੀ ਵਾਂਗ ਭਰ ਕੇ ਲੈ ਕੇ ਜਾ ਰਹੀ ਹੈ। ਸਕੂਲ ਵਾਹਨ ਚਲਾਉਣ ਵਾਲੇ ਬਹੁਤ ਸਾਰੇ ਡਰਾਈਵਰਾਂ ਕੋਲ ਕੋਈ ਲਾਇਸੈਂਸ ਨਹੀਂ।
ਮਿਲੀ ਜਾਣਕਾਰੀ ਅਨੁਸਾਰ ਨਾਭਾ ਵਿਖੇ ਐੱਸ.ਡੀ.ਐੱਮ ਸੂਬਾ ਸਿੰਘ ਵੱਲੋਂ ਸਕੂਲ ਕਾਲਜਾਂ ਦੀਆਂ ਵੈਨਾਂ ਦੀ ਸਖ਼ਤੀ ਕਰਦਿਆਂ ਸਵੇਰੇ ਚੈਕਿੰਗ ਕੀਤੀ ਗਈ ਅਤੇ ਬਹੁਗਿਣਤੀ ਵਿਚ ਗੱਡੀਆਂ ਦੇ ਚਲਾਨ ਕੱਟੇ ਗਏ ਹਨ।ਉੱਥੇ ਸਕੂਲ ਕਾਲਜ ਵੈਨਾਂ ਨੂੰ ਕਾਗ਼ਜ਼ ਅਤੇ ਹੋਰ ਹਦਾਇਤਾਂ ਪੂਰੀਆਂ ਨਾ ਹੋਣ ਕਾਰਨ ਬੋਨਡ ਵੀ ਕੀਤਾ ਗਿਆ ਹੈ। ਤਰਨਤਾਰਨ ਵਿਖੇ ਐਸਡੀਐਮ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ ਕਰਕੇ 16 ਦੇ ਕਰੀਬ ਬੱਸਾਂ ਦੇ ਚਲਾਨਕੱਟੇ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਤੇ ਨੂਰਪੂਰ ਬੇਦੀ ਵਿਖੇ ਵੀ ਸਕੂਲ ਬੱਸਾਂ ਦੀ ਚੈਕਿੰਗਹੋ ਰਹੀ ਹੈ ਅਤੇ ਚਲਾਣਕੱਟੇ ਜਾ ਰਹੇ ਹਨ।ਇਸ ਦੌਰਾਨ ਸੂਬੇ ਦੇ ਬਾਕੀ ਹਿੱਸਿਆਂ ਵਾਂਗ ਹੀ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਬਠਿੰਡਾ ‘ਚ ਵੀ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ਰਤਾਂ ਨਾ ਪੂਰੀਆਂ ਕਰਨ ਵਾਲੀਆਂ ਬੱਸਾਂ ਦੇ ਚਲਾਨ ਕੱਟੇ ਗਏ ਹਨ। ਕਈ ਬੱਸਾਂ ‘ਚ ਤਾਂ ਫਾਇਰ ਸੇਫ਼ਟੀ ਸਿਸਟਮ ਵੀ ਨਹੀਂ ਲੱਗਾ ਹੋਇਆ ਸੀ ਅਤੇ ਕਈਆਂ ਦੇ ਕਾਗ਼ਜ਼ਾਤ, ਸਕੂਲ ਦਾ ਨਾਂ, ਰੰਗ ਤੇ ਨੰਬਰ ਪਲੇਟ ਵੀ ਨਹੀਂ ਸਨ। ਇੱਕ ਸਕੂਲੀ ਵੈਨ ਦਾ ਨੰਬਰ ਵੀ ਦਿੱਲੀ ਦਾ ਸੀ ਅਤੇ ਵੈਨ ਚਾਲਕ ਦਾ ਲਾਇਸੈਂਸ ਤੱਕ ਨਹੀਂ ਸੀ।