ਚੰਡੀਗੜ੍ਹ:- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਦੁਬਈ ਵਿਖੇ ਗਲਫੂਡ 2020 ਦੇ 25ਵੇਂ ਐਡੀਸ਼ਨ ਮੌਕੇ ਇੱਥੇ ਇੰਡੀਆ ਪੈਵੀਲੀਅਨ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਮੇਲੇ ਦਾ ਦੌਰਾ ਕਰਦਿਆਂ ਭਾਰਤੀ ਪ੍ਰਦਰਸ਼ਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਗਲਫੂਡ 2020 ਪਲੇਟਫਾਰਮ ਨੂੰ ਵਿਦੇਸ਼ੀ ਨਿਵੇਸ਼ਕਾਂ ਨਾਲ ਕਾਰੋਬਾਰੀ ਭਾਈਵਾਲੀਆਂ ਬਣਾਉਣ ਲਈ ਇਸਤੇਮਾਲ ਕਰਨ ਅਤੇ ਭਾਰਤ ਤੋਂ ਪੱਛਮੀ ਬਜ਼ਾਰ ਵਿਚ ਖੁਰਾਕ ਉਤਪਾਦਾਂ ਦੇ ਨਿਰਯਾਤ ਨੂੰ ਤੇਜ਼ ਕਰਨ। ਪ੍ਰਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਉਹਨਾਂ ਲਈ ਭਾਰਤ, ਯੂਏਈ ਅਤੇ ਬਾਕੀ ਦੇਸ਼ਾਂ ਵਿਚ ਸੰਭਾਵਿਤ ਕਾਰੋਬਾਰੀਆਂ ਮੌਕਿਆਂ ਬਾਰੇ ਚਰਚਾ ਕੀਤੀ।

ਇੰਡੀਆ ਯੂ. ਏ. ਈ. ਖੁਰਾਕ ਸੁਰੱਖਿਆ ਲਾਂਘਾ ਪ੍ਰਾਜੈਕਟ ਦੇ ਨੁਮਾਇੰਦੇ ਨਾਲ ਵਿਚਾਰ ਚਰਚਾ ਕਰਦਿਆਂ ਕੇਂਦਰੀ ਮੰਤਰੀ ਨੇ ਪ੍ਰਸਤਾਵ ਪੇਸ਼ ਕੀਤਾ ਕਿ ਐੱਮ. ਓ. ਐੱਫ. ਪੀ. ਆਈ. ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਪ੍ਰਾਜੈਕਟ ਨੂੰ ਜਲਦੀ ਸ਼ੁਰੂ ਕਰਨ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਸਾਰੀ ਲੋਡ਼ੀਂਦੀ ਮਦਦ ਮੰਤਰਾਲੇ ਵਲੋਂ ਇਨਵੈਸਟ ਇੰਡੀਆ ਦੇ ਜ਼ਰੀਏ ਪ੍ਰਦਾਨ ਕੀਤੀ ਜਾਵੇਗੀ। ਹਰਸਿਮਰਤ ਨੇ ਡੈਲੀਗੇਟਾਂ ਨੂੰ ਇਹ ਵੀ ਦੱਸਿਆ ਕਿ 1.3 ਬਿਲੀਅਨ ਅਬਾਦੀ, ਵਧ ਰਹੀ ਖਰੀਦ ਸ਼ਕਤੀ, ਕੱਚੇ ਮਾਲ ਦੀ ਉਪਲੱਬਧਤਾ, ਜਵਾਨ ਅਤੇ ਹੁਨਰਮੰਦ ਕਾਮਿਆਂ ਦੀ ਮੌਜੂਦਗੀ ਅਤੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ ਸਰਕਾਰ ਵਲੋਂ ਦਿੱਤੇ ਜਾ ਰਹੇ ਬਹੁਤ ਸਾਰੇ ਆਰਥਿਕ ਲਾਭਾਂ ਕਰ ਕੇ ਭਾਰਤ ਇਕ ਬਹੁਤ ਵੱਡਾ ਬਜ਼ਾਰ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਵਲੋਂ ‘ਮੇਕ ਇਨ ਇੰਡੀਆ’ ਤਹਿਤ ਕਾਰੋਬਾਰ ਦੀ ਸੌਖ ਵਾਸਤੇ ਮਾਹੌਲ ਨੂੰ ਸੁਧਾਰਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ, ਜੋ ਕਿ ਭਾਰਤ ਨੂੰ ਇਕ ਗਲੋਬਲ ਮੈਨੂਫੈਕਚਰਿੰਗ ਹਬ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ’ਚ ਖੁਰਾਕ ਨਾਲ ਜੁਡ਼ੇ ਉਦਯੋਗਾਂ ਦੇ ਰੈਗੂਲੇਟਰੀ ਮੈਕਾਨਿਜ਼ਮ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਨਾਲ ਜੋਡ਼ ਦਿੱਤਾ ਗਿਆ ਹੈ, ਜਿਸ ਨਾਲ ਭਾਰਤੀ ਨਿਰਯਾਤ ਨੂੰ ਗਲੋਬਲ ਬਜ਼ਾਰਾਂ ਅੰਦਰ ਵਧੇਰੇ ਸਵੀਕਾਰ ਯੋਗ ਬਣਾਇਆ ਜਾ ਰਿਹਾ ਹੈ। ਏ. ਪੀ. ਈ. ਡੀ. ਏ. ਵਲੋਂ ਗਲਫੂਡ ’ਚ 100 ਤੋਂ ਵੱਧ ਨਿਵੇਸ਼ਕਾਂ ਨਾਲ ਭਾਗ ਲਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਭਾਰਤ ਅੰਦਰ ਨਵੇਂ ਕਾਰੋਬਾਰ ਸਥਾਪਤ ਕਰਨ ਲਈ ਫੂਡ ਪ੍ਰੋਸੈਸਿੰਗ ਮੰਤਰਾਲੇ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਦੁਨੀਆਭਰ ਦੇ ਨਿਵੇਸ਼ਕਾਂ ਅਤੇ ਯੂ. ਏ. ਈ. ਨੂੰ ਅਪੀਲ ਕੀਤੀ। ਉਨ੍ਹਾਂ ਵਧੀਆ ਕਾਰੋਬਾਰੀ ਮਾਹੌਲ ਦੇ ਨਾਲ-ਨਾਲ ਭਾਰਤ ਵਲੋਂ ਦਿੱਤੀਆਂ ਗਈਆਂ ਨਿਵੇਕਲੀਆਂ ਸਹੂਲਤਾਂ ਬਾਰੇ ਵੀ ਦੱਸਿਆ।