ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਸ਼ਵ ਮੈਂਟਲ (ਮਾਨਸਿਕ ਸਿਹਤ) ਦਿਵਸ ਤੇ ਸੈਮੀਨਾਰ ਦਾ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਨਾਲਸਾ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੜ੍ਹ ਰਹੇ ਮੰਦਬੁੱਧੀ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਅਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ਼੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਨੇ ਕੀਤੀ ਇਸ ਮੌਕੇ ਮਿਸ ਹਰਪ੍ਰੀਤ ਕੌਰ, ਸੀ.ਜੇ.ਐੱਮ/ਸਕੱਤਰ, ਵੀ ਹਾਜ਼ਿਰ ਸਨ। ਇਸ ਮੌਕੇ ਸ਼੍ਰੀ ਗਰਗ ਨੇ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿਹਾ ਕਿ ਬੱਚਿਆਂ ਵੱਲੋਂ ਜੋ ਵੀ ਪ੍ਰੋਗਰਾਮ ਕੀਤਾ ਗਿਆ ਹੈ ਉਸ ਦੀ ਜਿੰਨ੍ਹੀ ਵੀ ਸ਼ਲਾਘਾ ਕੀਤੀ ਜਾਵੇ ਉਨ੍ਹੀਂ ਹੀ ਘੱਟ ਹੈ ਕਿਉਂਕਿ ਇਹਨਾਂ ਵਿੱਚ ਉਹ ਕਾਬਲਿਤ ਹੈ ਜੋ ਆਮ ਮਨੁੱਖ ਵਿੱਚ ਵੀ ਹੋਣੀ ਅਸੰਭਵ ਹੈ। ਉਹਨਾਂ ਇਹ ਵੀ ਕਿਹਾ ਕਿ ਸਕੂਲ ਦੇ ਸਟਾਫ ਵੱਲੋਂ ਸਕੂਲ ਵਿੱਚ ਪੜ੍ਹ ਰਹੇ ਨੇਤਰਹੀਨ/ਮੰਦਬੁੱਧੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਉਹਨਾਂ ਨੂੰ ਕਾਬਲ ਬਣਾ ਰਹੇ ਹਨ ਜੋ ਕਿ ਪ੍ਰਸੰਸ਼ਾ ਯੋਗ ਹੈ।

ਇਸ ਮੌਕੇ ਮਿਸ. ਹਰਪ੍ਰੀਤ ਕੌਰ ਸੀ.ਜੇ.ਐੱਮ/ਸਕੱਤਰ ਵੱਲੋਂ ਵੀ ਦੱਸਿਆ ਗਿਆ ਜੇਕਰ ਇਹਨਾਂ ਨੂੰ ਕਿਸੇ ਕਿਸਮ ਦੀ ਕਾਨੂੰਨੀ ਸਲਾਹ/ਸਹਾਇਤਾ ਦੀ ਜ਼ਰੂਰਤ ਹੋਵੇ ਤਾਂ ਉਹ ਕਿਸੇ ਵੀ ਕੰਮਕਾਜ ਵਾਲੇ ਦਿਨ ਆ ਕੇ ਲੈ ਸਕਦੇ ਹਨ ਜਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੈਲੀਫੋਨ ਨੰਬਰ 01633261124 ਤੇ ਵੀ ਸੰਪਰਕ ਕਰ ਸਕਦੇ ਹਨ। ਸਕੂਲ ਦੇ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਇਸ ਸਕੂਲ ਵਿਚ 62 ਬੱਚੇ ਸਿੱਖਿਆ ਹਾਸਿਲ ਕਰ ਰਹੇ ਹਨ ਅਤੇ ਬੱਚਿਆਂ ਦਾ ਮੈਡੀਕਲ ਚੈੱਕਅਪ ਕਰਵਾਉਣ ਲਈ ਇੱਕ ਸਾਈਕੈਟਰਿਸਟ ਡਾਕਟਰ ਦੀ ਲੌੜ ਹੈ, ਕਿਉਂਕਿ ਬੱਚਿਆਂ ਨੂੰ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਫਰੀਦਕੋਟ ਵਿਖੇ ਜਾਣਾ ਪੈਂਦਾ ਹੈ ਜੋ ਕਿ ਉਹਨਾਂ ਦੇ ਮਾਪਿਆਂ ਵੱਲੋਂ ਲਿਜਾਣ ਵਿੱਚ ਦਿੱਕਤ ਆਉਂਦੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਮੰਦਬੁੱਧੀ ਬੱਚਿਆਂ ਦਾ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਇਕ ਸਾਈਕੈਟਰਿਸਟ ਡਾਕਟਰ ਦੀ ਡਿਊਟੀ ਲਗਵਾਈ ਜਾਵੇ ਤਾਂ ਜੋ ਬੱਚਿਆਂ ਦੇ ਆਸਾਨੀ ਨਾਲ ਮੈਡੀਕਲ ਸਰਟੀਫਿਕੇਟ ਬਣਵਾਏ ਜਾ ਸਕਣ। ਇਸ ਮੌਕੇ ਜੱਜ ਸਾਹਿਬ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਸਿਹਤ ਵਿਭਾਗ ਵੱਲੋਂ ਜਲਦੀ ਹੀ ਮਾਹਿਰ ਡਾਕਟਰ ਦੀ ਡਿਊਟੀ ਲਗਾਉਣ ਲਈ ਯਤਨ ਕਰਨਗੇ। ਇਸ ਮੌਕੇ ਤੇ ਬੱਚਿਆਂ ਨੂੰ ਸਕੂਲ ਸਟੇਸ਼ਨਰੀ ਅਤੇ ਖਾਣ-ਪੀਣ ਦੀ ਸਮੱਗਰੀ ਵੀ ਵੰਡੀ ਗਈ। Author: Malout live