ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਪ੍ਰੇਰਿਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਿਸ਼ਨ ਉੱਨਤ ਕਿਸਾਨ ਤਹਿਤ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਅਤੇ ਉਸ ਨੂੰ ਕਾਮਯਾਬ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗਿੱਦੜਬਾਹਾ ਦੀਆ ਕੋਸ਼ਿਸ਼ਾਂ ਜਾਰੀ ਹਨ। ਇਸੇ ਕੜੀ ਤਹਿਤ ਡਾ. ਰਾਜੇਸ਼ ਕੁਮਾਰ ਰਹੇਜਾ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਮ ਕੇਨ ਕਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਪਿੰਡ ਥੇਹੜੀ ਬਲਾਕ ਗਿੱਦੜਬਾਹਾ ਦਾ ਦੌਰਾ ਕਰਕੇ ਨਰਮੇ ਦੀ ਬਿਜਾਈ ਕਰ ਚੁੱਕੇ ਦੋ ਕਿਸਾਨ ਹਰਦੀਪ ਸਿੰਘ ਅਤੇ ਮਿਲਖਾ ਸਿੰਘ ਦੇ ਖੇਤਾਂ ਵਿੱਚ ਮੌਕੇ ਤੇ ਗਏ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਮੌਕੇ ਤੇ ਮੌਜੂਦ ਕਿਸਾਨਾਂ ਦੇ ਨਾਲ-ਨਾਲ ਇਲਾਕੇ ਦੇ ਸਮੂਹ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਸਰਕਾਰ ਵੱਲੋਂ ਨਰਮਾ ਬੀਜਣ ਵਾਲੇ ਕਿਸਾਨਾਂ ਲਈ ਨਹਿਰੀ ਪਾਣੀ ਦੀ ਟੇਲਾਂ ਤੱਕ ਨਿਰਵਿਘਨ ਸਪਲਾਈ ਜਾਰੀ ਰਹੇਗੀ (ਖਾਸ ਤੌਰ ਤੇ ਬਿਜਾਈ ਸਮੇਂ) ਕਿਸਾਨਾਂ ਦੀ ਅਰਥਿਕ ਮੱਦਦ ਲਈ ਨਰਮੇ ਦੇ ਬੀਜ ਤੇ 33% ਸਬਸਿਡੀ ਵੀ ਦਿੱਤੀ ਜਾ ਰਾਹੀ ਹੈ ਅਤੇ ਕਿਸਾਨਾਂ ਤੱਕ ਸਮੇਂ-ਸਮੇਂ ਤੇ ਜਲਦੀ ਤੋਂ ਜਲਦੀ ਤਕਨੀਕੀ ਜਾਣਕਾਰੀ ਪਹੁੰਚਾਉਣ ਲਈ ਹਰ ਪਿੰਡ ਵਿੱਚ ਕਿਸਾਨ ਮਿੱਤਰ ਅਤੇ ਨਰਮਾ/ਕਪਾਹ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ

ਤਾਂ ਕਿ ਕਿਸਾਨਾਂ ਦੀ ਹਰ ਪੱਧਰ ਤੇ ਤਕਨੀਕੀ ਮੱਦਦ ਕੀਤੀ ਜਾ ਸਕੇ। ਇਸ ਲਈ ਕਿਸਾਨਾਂ ਨੂੰ ਬੇਨਤੀ ਹੈ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਡਿੱਗਣ ਤੋਂ ਰੋਕਣ ਲਈ ਅਤੇ ਫਸਲੀ ਵਿਭਿੰਨਤਾ ਸਕੀਮ ਨੂੰ ਲਾਗੂ ਕਰਦੇ ਹੋਏ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਆ ਕੇ ਨਰਮੇ ਦੀ ਫਸਲ ਹੇਠ ਰਕਬਾ ਵਧਾਇਆ ਜਾਵੇ ਤਾਂ ਕਿ ਜ਼ਮੀਨ ਵਿੱਚ ਵੱਖ-ਵੱਖ ਪੱਧਰ ਤੇ ਮੌਜੂਦ ਖੁਰਾਕੀ ਤੱਤਾਂ ਦੀ ਸਹੀ ਵਰਤੋਂ ਹੋ ਸਕੇ। ਖਾਦਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਅਤੇ ਮੌਕੇ ਤੇ ਮੌਜੂਦ ਡਾ. ਭੁਪਿੰਦਰ ਕੁਮਾਰ ਸਹਾਇਕ ਕਪਾਹ ਵਿਸਥਾਰ ਅਫਸਰ ਗਿੱਦੜਬਾਹਾ ਵੱਲੋਂ ਵੀ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਗਈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰ ਵੇਲੇ ਉਨ੍ਹਾਂ ਦੇ ਨਾਲ ਖੜਾ ਹੈ। ਇਸ ਵੇਲੇ ਨਰਮੇ ਦੇ ਬੀਜ ਤੇ ਸਬਸਿਡੀ ਪ੍ਰਾਪਤ ਕਰਨ ਲਈ ਆਨ-ਲਾਈਨ ਪੋਰਟਲ ਖੁੱਲਾ ਹੈ ਜਿਹੜੇ ਕਿਸਾਨ ਬੀਜ ਖਰੀਦ ਰਹੇ ਹਨ। ਉਨ੍ਹਾਂ ਨੂੰ ਅਪੀਲ ਕੀਤੀ ਕਿ ਨਾਲ ਦੀ ਨਾਲ ਇਸ ਪੋਰਟਲ ਤੇ ਬੀਜ ਸਬਸਿਡੀ ਲਈ ਅਪਲਾਈ ਕਰਨ ਅਤੇ ਅਪਲਾਈ ਕਰਨ ਸੰਬੰਧੀ ਜਾਂ ਕਿਸੇ ਵੀ ਜਾਣਕਾਰੀ ਲਈ ਬਲਾਕ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾ ਦੇ ਨਾਲ ਡਾ. ਜਗਮੋਹਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਨਰਿੰਦਰ ਪਾਲ ਸਿੰਘ ਖੇਤੀਬਾੜੀ ਵਿਕਾਸ, ਅਫਸਰ ਲਵਪ੍ਰੀਤ ਸਿੰਘ ਅਤੇ ਗੁਰਦਿੱਤ ਸਿੰਘ ਵੀ ਮੌਜੂਦ ਸਨ। Author: Malout Live