ਨਵ-ਨਿਯੁਕਤ ਪਟਵਾਰੀ ਉਮੀਦਵਾਰ ਪੂਰੀ ਲਗਨ ਤੇ ਮਿਹਨਤ ਨਾਲ ਲੈਣ ਸਿਖਲਾਈ -ਵਧੀਕ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਬਠਿੰਡਾ
ਮਲੋਟ (ਬਠਿੰਡਾ):- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ ਕੁਮਾਰ ਬਠਿੰਡਾ ਨੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਨਵ-ਨਿਯੁਕਤ ਪਟਵਾਰੀ ਉਮੀਦਵਾਰਾਂ ਦੀ ਟ੍ਰੇਨਿੰਗ ਲਈ ਬਣਾਏ ਗਏ ਅਸਥਾਈ ਪਟਵਾਰ ਟ੍ਰੇਨਿੰਗ ਸਕੂਲ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਪਟਵਾਰੀ ਸਹੀ ਤਰੀਕੇ, ਪੂਰੀ ਲਗਨ ਤੇ ਮਿਹਨਤ ਨਾਲ ਸਿਖਲਾਈ ਲੈਣ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿੱਚ ਆਪਣੀ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਸਕੂਲ ਵਿੱਚ ਬਠਿੰਡਾ ਸਮੇਤ ਸ਼੍ਰੀ ਮੁਕਤਸਰ ਸਾਹਿਬ ਤੇ ਮਾਨਸਾ ਜ਼ਿਲ੍ਹਿਆਂ ਨਾਲ ਸੰਬੰਧਿਤ 60 ਨਵ-ਨਿਯੁਕਤ ਪਟਵਾਰੀਆਂ ਨੂੰ 9 ਮਹੀਨਿਆਂ ਦੀ ਸਿਖਲਾਈ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਸੇਵਾ ਮੁਕਤ ਪੀ.ਸੀ.ਐੱਸ ਅਧਿਕਾਰੀ ਸ਼੍ਰੀ ਵਿਨੋਦ ਬਾਂਸਲ ,ਐੱਮ.ਆਰ.ਐੱਸ.ਪੀਟੀ.ਯੂ ਯੂਨੀਵਰਸਿਟੀ ਦੇ ਐਸੋਸੀਏਟ ਡੀਨ ਸ਼੍ਰੀ ਗੁਰਪ੍ਰੀਤ ਸਿੰਘ ਬਾਠ , ਸੈਕਟਰੀ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ , ਸੇਵਾ ਮੁਕਤ ਤਹਿਸੀਲਦਾਰ ਅਤੇ ਪਟਵਾਰ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਗੁਰਮੇਲ ਸਿੰਘ ਅਤੇ ਨਿਰਮਲ ਸਿੰਘ ਵੱਲੋਂ ਨਵ ਨਿਯੁਕਤ ਪਟਵਾਰੀ ਉਮੀਦਵਾਰਾਂ ਨਾਲ ਆਪੋ - ਆਪਣੇ ਤਜ਼ਰਬੇ ਸਾਂਝੇ ਕਰਦਿਆਂ ਪਟਵਾਰੀ ਦੀ ਸੇਵਾ ਦੀ ਮਹੱਤਤਾ ਦੱਸਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਜ਼ਿਲ੍ਹਾ ਮੋਗਾ 'ਚ ਬਤੌਰ ਪਟਵਾਰੀ ਦੀ ਡਿਊਟੀ ਕਰ ਰਹੇ 2016 ਬੈਚ ਦੀ ਹੋਣਹਾਰ ਪਟਵਾਰੀ ਮੈਡਮ ਪ੍ਰਭਜੋਤ ਕੌਰ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। Author: Malout Live