ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਬਲਾਕ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦਾ ਕੀਤਾ ਦੌਰਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਅੱਜ ਸ਼੍ਰੀ ਮੁਕਤਸਰ ਸਾਹਿਬ ਬਲਾਕ ਦੇ ਪਿੰਡ ਸਰਾਏਨਾਗਾ ਅਤੇ ਮੰਡੀ ਬਰੀਵਾਲਾ ਵਿਖੇ ਸਰਕਾਰੀ ਸਕੂਲਾਂ ਆਂਗਣਵਾੜੀ ਸੈਂਟਰਾਂ ਅਤੇ ਸਰਕਾਰੀ ਡਿੱਪੂਆਂ ਦਾ ਜਾਇਜਾ ਲਿਆ। ਸ਼੍ਰੀ ਧਾਲੀਵਾਲ ਨੇ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਦਿੱਤਾ ਜਾਣ ਵਾਲਾ ਮਿੱਡ-ਡੇ-ਮੀਲ ਅਤੇ ਸਮੁੱਚੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਸਰਵੇਖਣ ਉਪਰੰਤ ਸੰਬੰਧਿਤ ਸਕੂਲਾਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਸਰਕਾਰੀ ਮੀਨੂ ਅਨੁਸਾਰ ਸਾਫ ਸੁਥਰਾ ਖਾਣਾ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਬਰੀਵਾਲਾ ਦੇ ਪ੍ਰਾਇਮਰੀ ਸਕੂਲ ਦੀ ਸਾਫ-ਸਫਾਈ ਚੰਗੀ ਤਰ੍ਹਾਂ ਨਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਸਕੂਲ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਕਿ
ਸਕੂਲ ਦੀ ਸਾਫ ਸਫਾਈ ਵੱਲ ਉਚੇਚੇ ਤੌਰ ਤੇ ਧਿਆਨ ਦਿੱਤਾ ਜਾਵੇ। ਉਨ੍ਹਾਂ ਆਂਗਣਵਾੜੀ ਸੈਂਟਰਾਂ ਦੇ ਸਟਾਫ ਨੂੰ ਕਿਹਾ ਕਿ ਛੋਟੇ ਬੱਚਿਆਂ ਦੀ ਖੁਰਾਕ ਤੋਂ ਇਲਾਵਾ ਪੜ੍ਹਾਈ ਵੱਲ ਵੀ ਧਿਆਨ ਦਿੱਤਾ ਜਾਵੇ। ਚੈਕਿੰਗ ਦੌਰਾਨ ਉਹਨਾਂ ਸੰਬੰਧਿਤ ਅਧਿਕਾਰੀਆ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਚੈਕਿੰਗ ਦੌਰਾਨ ਅਜਿਹੀਆਂ ਉਣਤਾਈਆਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸਰਕਾਰੀ ਰਾਸ਼ਨ ਡਿੱਪੂਆਂ ਦਾ ਜਾਇਜਾ ਲੈਂਦਿਆਂ ਸੰਬੰਧਿਤ ਡਿੱਪੂ ਹੋਲਡਰਾਂ ਨੂੰ ਕਿਹਾ ਕਿ ਸਰਕਾਰ ਵੱਲੋਂ ਲੋੜਵੰਦ ਲਈ ਭੇਜੀ ਜਾ ਰਹੀ ਕਣਕ ਸਮੇਂ ਸਿਰ ਦਿੱਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਰਕਾਰੀ ਰਾਸ਼ਨ ਡਿੱਪੂਆਂ ਤੇ ਕਮਿਸ਼ਨ ਦਾ ਸੰਪਰਕ ਨੰਬਰ, ਈ.ਮੇਲ ਪਤੇ ਤੋਂ ਇਲਾਵਾ ਸ਼ਿਕਾਇਤ ਬਕਸੇ ਲਗਾਏ ਜਾਣ ਅਤੇ ਪਾਈਆਂ ਗਈਆਂ ਉਣਤਾਈਆਂ ਨੂੰ ਦੂਰ ਕੀਤਾ ਜਾਵੇ। Author: Malout Live