ਜੇਤੂ ਉਮੀਦਵਾਰ ਦੇ ਇਕੱਠ/ਜਲੂਸ ਤੇ ਹੋਵੇਗੀ ਪੂਰਣ ਪਾਬੰਦੀ- ਹਰਪ੍ਰੀਤ ਸੂਦਨ

ਮਲੋਟ:- ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੂਦਨ ਨੇ ਅੱਜ ਪ੍ਰੈੱਸ ਦੇ ਨੁਮਾਇੰਦਿਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਚੋਣਾਂ ਦੇ ਨਤੀਜਿਆਂ ਸੰਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਦੌਰਾਨ ਬੋਲਦਿਆਂ ਉਨ੍ਹਾਂ ਦੱਸਿਆ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਤਿਆਰੀ ਮੁਕੰਮਲ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਹਲਕੇ ਦੇ ਕਾਊਂਟਿੰਗ ਸੈਂਟਰ ਦੇ ਆਸ-ਪਾਸ ਧਾਰਾ 144 ਲਗਾਉਣ ਤੋਂ ਇਲਾਵਾ ਕੱਲ੍ਹ (10 ਮਾਰਚ) ਨੂੰ ਸਮੁੱਚੇ ਜ਼ਿਲ੍ਹੇ ਵਿੱਚ ਸ਼ਰਾਬ ਦੀ ਵਿਕਰੀ ਤੇ ਪੂਰਣ ਤੌਰ ਤੇ ਪਾਬੰਦੀ ਹੋਵੇਗੀ। ਜੇਕਰ ਕੋਈ ਵੀ ਸ਼ਰਾਬ ਵਿਕਰੇਤਾ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਠੇਕਾ ਸੀਲ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ 100 ਮੀਟਰ ਦੇ ਦਾਇਰੇ ਅੰਦਰ ਕਿਸੇ ਵੀ ਵਾਹਨ ਦੇ ਜਾਣ ਤੇ ਮਨਾਹੀ ਸੰਬੰਧੀ ਬੈਨ ਆਰਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰਾਂ ਜਾਂ ਇਲੈਕਸ਼ਨ/ਕਾਊਂਟਿੰਗ ਏਜੰਟਾਂ ਲਈ ਗੱਡੀ ਤੋਂ ਉਤਰ ਕੇ ਜਾਣ ਲਈ ਪਾਰਕਿੰਗ ਏਰੀਆ ਵਿੱਚ ਹੀ ਥਾਂ ਨਿਰਧਾਰਿਤ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਤੂ ਉਮੀਦਵਾਰ ਸਰਟੀਫਿਕੇਟ ਪ੍ਰਾਪਤ ਕਰਨ ਸਮੇਂ ਆਪਣੇ ਨਾਲ ਕੇਵਲ 2 ਵਿਅਕਤੀ ਲਿਜਾ ਸਕਦਾ ਹੈ। ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਵੱਲੋਂ ਇਲਾਕੇ ਵਿੱਚ ਕਿਸੇ ਵੀ ਪ੍ਰਕਾਰ ਦੇ ਜੇਤੂ ਜਲੂਸ ਕੱਢਣ, ਇਕੱਠ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਾਊਂਟਿੰਗ ਸੈਂਟਰਾਂ ਦੇ ਵੇਰਵੇ ਸੰਬੰਧੀ ਉਨਾਂ ਦੱਸਿਆ ਕਿ ਮੁਕਤਸਰ ਹਲਕੇ ਦੀ ਗਿਣਤੀ ਗੁਰੂ ਨਾਨਕ ਕਾਲਜ ਵਿਖੇ ਹੋਵੇਗੀ

ਅਤੇ ਇਸੇ ਤਰਾਂ ਗਿੱਦੜਬਾਹਾ ਦੀ ਗਿਣਤੀ ਸਰਕਾਰੀ ਕੰਨਿਆ ਸਕੂਲ ਗਿੱਦੜਬਾਹਾ, ਲੰਬੀ ਦੀ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਫਰਮੇਸ਼ਨ ਟੈਕਨੋਲਜੀ (ਮਿਮਿਟ) ਅਤੇ ਮਲੋਟ ਹਲਕੇ ਦੀ ਗਿਣਤੀ ਚੈਰੀ ਰੋਜ ਕਲੱਬ (ਸੀ.ਆਰ.ਸੀ) ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਹਰ ਕਾਊਂਟਿੰਗ ਸੈਂਟਰ ਵਿੱਚ 2 ਵੱਖਰੇ ਕਾਊਂਟਿੰਗ ਹਾਲ ਬਣਾਏ ਗਏ ਹਨ। ਬੈਲਟ ਪੇਪਰਾਂ ਦੀ ਗਿਣਤੀ ਸੰਬੰਧੀ ਉਨ੍ਹਾਂ ਦੱਸਿਆ ਕਿ ਇਹਨਾਂ ਪੇਪਰਾਂ ਦੀ ਗਿਣਤੀ ਲਈ ਇਸ ਵਾਰ ਬਹੁਤ ਹੀ ਖਾਸ ਤਵੱਜੋ ਦਿੰਦਿਆਂ ਇਸ ਗੱਲ ਨੂੰ ਸੁਨਿਸ਼ਚਿੱਤ ਕੀਤਾ ਗਿਆ ਹੈ ਕਿ ਇਹ ਕੜੀ ਨਿਗਰਾਨੀ ਹੇਠ ਸਮੇਂ ਸਿਰ ਕਾਊਂਟਿੰਗ ਸੈਂਟਰਾਂ ਵਿੱਚ ਪਹੁੰਚ ਜਾਣ। ਗਿਣਤੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਤਕਰੀਬਨ 700 ਦੇ ਕਰੀਬ ਸਿਵਿਲ ਪ੍ਰਸਾਸ਼ਨ ਦੇ ਨੁਮਾਇੰਦੇ ਅਤੇ 1500 ਦੇ ਕਰੀਬ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਲਗਾਈ ਗਈ, ਜਿਨ੍ਹਾਂ ਦੇ ਚਾਹ-ਪਾਣੀ ਤੋਂ ਇਲਾਵਾ ਖਾਣੇ ਦਾ ਵੀ ਵੱਖੋ ਵੱਖ ਪ੍ਰਬੰਧ ਕੀਤਾ ਗਿਆ ਹੈ। ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ਕਿ ਪ੍ਰੈੱਸ ਨੂੰ ਗਿਣਤੀ ਸੰਬੰਧੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਹਰ ਕਾਊਂਟਿੰਗ ਸੈਂਟਰ ਵਿੱਚ ਇੱਕ ਪ੍ਰੈੱਸ ਰੂਮ ਸਥਾਪਿਤ ਕੀਤਾ ਗਿਆ ਹੈ, ਜਿੱਥੇ ਸੂਚਨਾ ਤੋਂ ਇਲਾਵਾ ਉਨਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਿਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਕਾਊਂਟਿੰਗ ਸੈਂਟਰ ਬਣਾਏ ਗਏ ਹਨ, ਉਨਾਂ ਅਦਾਰਿਆਂ ਵਿੱਚ ਕੱਲ੍ਹ (10 ਮਾਰਚ) ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ।