ਸਰਬ ਸਾਂਝਾ ਸੈਮੀਨਾਰ ਕਰਵਾਉਣ ਸਬੰਧੀ ਕੀਤਾ ਮੀਟਿੰਗ ਦਾ ਆਯੋਜਨ
ਮਲੋਟ:- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬ ਸਾਂਝਾ ਸੈਮੀਨਾਰ ਕਰਵਾਉਣ ਸਬੰਧੀ ਡਿਪਟੀ ਸਪੀਕਰ ਅਤੇ ਵਿਧਾਇਕ ਅਜਾਇਬ ਸਿੰਘ ਭੱਟੀ ਵਲੋਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਦੇ ਮੁਖੀਆਂ , ਪਿੰਡਾਂ ਦੇ ਸਰਪੰਚ ਅਤੇ ਪੰਚ , ਵੱਖ - ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨਾਲ ਇਕ ਮੀਟਿੰਗ ਮਿਮਿਟ ਕਾਲਜ ਵਿਖੇ ਕੀਤੀ ਗਈ , ਜਿਸ ਵਿਚ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵਲੋਂ ਸਰਬ ਸਾਂਝਾ ਸੈਮੀਨਾਰ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਸੈਮੀਨਾਰ 27 ਨਵੰਬਰ ਦਿਨ ਬੁੱਧਵਾਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਉਹ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਜੋ ਜਥਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਗਿਆ ਸੀ , ਜਿਸ ਵਿਚ ਸ਼ਾਮਿਲ ਹੋ ਕੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਏ , ਜਿਸ ਉਪਰੰਤ ਉਨ੍ਹਾਂ ਦੇ ਮਨ ਦੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਇਕ ਹਲੂਣਾ ਆਇਆ ਅਤੇ ਉਨ੍ਹਾਂ ਦਾ ਮਨ ਕੀਤਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਹਲਕੇ ਦੇ ਜਨ ਜਨ ਤੱਕ ਪਹੁੰਚਾਉਣ ਲਈ ਉਪਰਾਲਾ ਕੀਤਾ ਜਾਵੇ , ਜਿਸ ਦੇ ਸਬੰਧ ਵਿਚ ਉਨ੍ਹਾਂ ਵਲੋਂ ਅੱਜ ਇਹ ਮੀਟਿੰਗ ਕੀਤੀ ਗਈ , ਜਿਸ ਵਿਚ ਵੱਡੀ ਗਿਣਤੀ ਵਿਚ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਮੁਖੀ , ਹਲਕੇ ਦੇ ਪੰਚ ਅਤੇ ਸਰਪੰਚ ਅਤੇ ਸ਼ਹਿਰ ਦੇ ਪਤਵੰਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਗੁਰੂ ਜੀ ਦੇ ਸਿੱਖਿਆਵਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ 27 ਨਵੰਬਰ ਨੂੰ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਹਲਕਾ ਇੰਚਾਰਜ ਅਮਨਪ੍ਰੀਤ ਸਿੰਘ ਭੱਟੀ , ਐੱਸ . ਡੀ . ਐੱਮ . ਗੋਪਾਲ ਸਿੰਘ , ਕਾਂਗਰਸ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ , ਮਿਮਿਟ ਕਾਲਜ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ , ਬਲਜੀਤ ਸਿੰਘ , ਲਖਵਿੰਦਰ ਸਿੰਘ ਲੱਖਾ ਨਿੱਜੀ ਸਕੱਤਰ , ਮਾ : ਜਸਪਾਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ , ਚੇਅਰਮੈਨ ਜੋਗਿੰਦਰ ਸਿੰਘ ਰੱਥੜੀਆਂ ਆਦਿ ਹਾਜ਼ਰ ਸਨ।