ਮਿਮਿਟ ਕਾਲਜ ਦੇ ਵਿਦਿਆਰਥੀਆਂ ਵਲੋਂ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਰੈਲੀ
ਮਲੋਟ- ਸਥਾਨਕ ਮਿਮਿਟ ਕਾਲਜ ਦੇ ਵਿਦਿਆਰਥੀਆਂ ਵਲੋਂ ਵੱਧ ਰਹੇ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿਮਿਟ ਕਾਲਜ ਦੇ ਡਾਇਰੈਕਟਰ ਡਾ: ਸੰਜੀਵ ਸ਼ਰਮਾ ਨੇ ਦੱਸਿਆ ਕਿ 3 ਪੀ.ਬੀ ਨੈਵਲ ਯੂਨਿਟ ਐਨ.ਸੀ.ਸੀ. ਦੇ ਆਦੇਸ਼ ਅਨੁਸਾਰ ਕਾਲਜ ਦੇ ਵਿਦਿਆਰਥੀਆਂ ਨੇ ਐਨ.ਸੀ.ਸੀ. ਇੰਚਾਰਜ ਅਜੈ ਸਮਿਆਲ ਅਤੇ ਐਨ.ਸੀ.ਸੀ. ਕਲਰਕ ਸ੍ਰੀਮਤੀ ਪ੍ਰੇਮ ਲਤਾ ਦੀ ਅਗਵਾਈ ਵਿਚ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਕੱਢੀ । ਇਹ ਰੈਲੀ ਕਾਲਜ ਤੋਂ ਸ਼ੁਰੂ ਹੋ ਕੇ ਪੁੱਡਾ ਕਾਲੋਨੀ ਤੱਕ ਕੱਢੀ ਗਈ, ਜਿਸ ਵਿਚ ਵਿਦਿਆਰਥੀਆਂ ਨੇ ਵੱਧ ਰਹੇ ਪ੍ਰਦੂਸ਼ਣ ਖ਼ਿਲਾਫ਼ ਨਾਅਰੇ ਲਾਏ । ਡਾਇਰੈਕਟਰ ਸੰਜੀਵ ਸ਼ਰਮਾ ਨੇ ਕਿਹਾ ਕਿ ਦਿਨ-ਬ-ਦਿਨ ਪ੍ਰਦੂਸ਼ਣ ਦੇ ਵਧਣ ਦੇ ਕਾਰਨ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਦੇ ਇਸਤੇਮਾਲ ਕਰਨ ਨਾਲ ਵੀ ਪ੍ਰਦੂਸ਼ਣ ਵਿਚ ਬਹੁਤ ਵਾਧਾ ਹੁੰਦਾ ਹੈ । ਇਸ ਤੋਂ ਇਲਾਵਾ ਉਨ੍ਹਾਂ ਕਿਸਾਨ ਭਰਾਵਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ, ਕਿਉਂਕਿ ਇਸ ਨਾਲ ਫੈਲੇ ਧੂੰਏ ਕਾਰਨ ਵੀ ਬਿਮਾਰੀਆਂ ਫੈਲਣ ਦਾ ਡਰ ਹੈ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰ, ਦੁਕਾਨ ਅਤੇ ਜਨਤਕ ਥਾਵਾਂ ਦੀ ਵੀ ਸਫ਼ਾਈ ਰੱਖਣ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਕਿਸੇ ਕਿਸਮ ਦੀ ਗੰਦਗੀ ਨਹੀਂ ਫੈਲਾਉਣੀ ਚਾਹੀਦੀ ਤਾਂ ਹੀ ਅਸੀਂ ਪ੍ਰਦੂਸ਼ਣ ਮੁਕਤ ਸਮਾਜ ਦੀ ਸਿਰਜਣਾ ਵਿਚ ਸਹਿਯੋਗ ਦੇ ਸਕਦੇ ਹਾਂ । ਇਸ ਮੌਕੇ ਵਿਦਿਆਰਥੀਆਂ ਨੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਪ੍ਰਦੂਸ਼ਣ ਖ਼ਿਲਾਫ਼ ਡੱਟ ਕੇ ਨਾਅਰੇ ਲਗਾਏ । ਇਸ ਮੌਕੇ ਅਮਨ ਕੁਮਾਰ ਵੀ ਹਾਜ਼ਰ ਸੀ ।