Malout News

ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ ਰੋਸ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਇਆ ਲਾਂਬੂ

ਮਲੋਟ :- ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਲਗਾਤਾਰ ਉਜਾੜਾ ਕਰਨ, ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਅਤੇ ਮੰਗਾਂ ਨੂੰ ਮੰਨਣ ਤੋਂ ਲਗਾਤਾਰ ਇਨਕਾਰੀ ਹੋਣ ਦੇ ਰੋਸ ਵਜੋਂ ਸਾਂਝੇ ਅਧਿਆਪਕ ਮੋਰਚੇ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਜਿਸ ਤਹਿਤ ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲਾ ਮੁਕਤਸਰ ਦੇ ਬਲਾਕ ਮਲੋਟ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਮਲੋਟ  ਦੇ ਸਾਹਮਣੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ   ਪੰਜਾਬ ਸਰਕਾਰ ਦੀ ਅਰਥੀ ਨੂੰ ਫੂਕਿਆ ਗਿਆ। ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ  ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਤੰਤਰ ਦੇ ਕੁੱਲ ਖਾਤਮੇ ਦੇ ਨਿਸ਼ਾਨੇ ਤਹਿਤ ਪ੍ਰੀ-ਪ੍ਰਾਇਮਰੀ ਅਤੇ  ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖਲਾ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਨ ਦੇ ਜੁਬਾਨੀ ਹੁਕਮ ਚਾਡ਼੍ਹੇ ਜਾ ਰਹੇ ਹਨ। ਜਿਸ ਦੇ ਸਿੱਟੇ ਵਜੋਂ ਪ੍ਰਾਇਮਰੀ ਵਿੱਚ ਡਾਇਰੈਕਟੋਰੇਟ ਦੀ ਵੱਖਰੀ ਹੋਂਦ, ਤਰੱਕੀਆਂ ਅਤੇ ਨਵੀਂ ਭਰਤੀ ਉੱਪਰ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਸੇ ਪ੍ਰਕਾਰ ਮਿਡਲ ਸਕੂਲਾਂ ਵਿੱਚ ਮੌਜੂਦ ਛੇ ਅਸਾਮੀਆਂ ਵਿੱਚੋਂ ਪਹਿਲਾਂ ਆਰਟ ਐਂਡ ਕਰਾਫਟ ਅਤੇ ਪੀ.ਟੀ.ਆਈ. ਦੀਆਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ, ਫਿਰ 228 ਪੀ.ਟੀ.ਆਈ. ਨੂੰ ਜਬਰੀ ਬੀ. ਪੀ. ਈ. ਓ ਦਫਤਰਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਅਤੇ ਹੁਣ ਮਿਡਲ ਸਕੂਲਾਂ ਦੀਆਂ ਪੋਸਟਾਂ ਸੀਨੀਅਰ ਸੈਕੰਡਰੀ ਵਿੱਚ ਸ਼ਿਫਟ ਕਰਕੇ ਮਿਡਲ ਸਕੂਲਾਂ ਦੀ ਸੁਤੰਤਰ ਹੋਂਦ ਖ਼ਤਮ ਕੀਤੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ- 2020 ਤਹਿਤ ਪ੍ਰਾਇਮਰੀ ਸਿੱਖਿਆ ਤੰਤਰ ਅਤੇ ਮਿਡਲ ਸਕੂਲਾਂ ਦੇ ਖਾਤਮੇ ਦੀ ਇਬਾਰਤ ਲਿਖੀ ਜਾ ਰਹੀ ਹੈ।   ਇਸ ਮੌਕੇ ਮਨੋਹਰ ਲਾਲ ਸ਼ਰਮਾ , ਬਲਦੇਵ ਸਿੰਘ ਸਾਹੀਵਾਲ  ਅਮਰੀਕ ਸਿੰਘ ਕਾਲੜਾ  ਸੁਰਜੀਤ ਸਿੰਘ ਰੋਮੀ ਬਾਂਸਲ  ਸੁਦਰਸ਼ਨ ਕੁਮਾਰ ਜੱਗਾ   ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਸਕੱਤਰ ਪੰਜਾਬ ਸਰਕਾਰ ਵੱਲੋਂ ਜਾਰੀ ਕਰੋਨਾ ਲਈ ਜਾਰੀ ਹਰ ਤਰਾਂ ਦੀ ਗਾਈਡਲਾਈਨਜ ਪੈਰਾਂ ਚ ਮਧੌਲਦਾ ਹੋਇਆ ਲਗਾਤਾਰ ਅਧਿਆਪਕ ਵਿਰੋਧੀ ਫੈਸਲੇ ਲੈ ਰਿਹਾ ਹੈ, ਅਧਿਆਪਕਾਂ ਦੀ ਬਾਂਹ ਮਰੋੜ ਕੇ ਜਬਰਦਸਤੀ ਦਾਖਲੇ ਕਰਨ ਲਈ ਘਰੋਂ ਘਰੀ ਤੋਰ ਕੇ ਕਰੋਨਾ ਸੰਕਮ੍ਰਿਤ ਕਰਨ ਲਈ ਸਿੱਖਿਆ ਸਕੱਤਰ ਜਿੰਮੇਵਾਰ ਹੈ ਜਿਸ ਕਾਰਨ ਪੂਰੇ ਪੰਜਾਬ ਚ ਲਗਾਤਾਰ ਅਧਿਆਪਕਾਂ ਦੀਆਂ ਮੌਤਾਂ ਦੇ ਅੰਕੜੇ ਦਿਨ ਬ ਦਿਨ ਵੱਧ ਰਹੇ ਹਨ। ਆਗੂਆਂ ਨੇ ਕਿਹਾ ਕਿ ਸਕੂਲਾਂ ਵਿੱਚ ਪਹਿਲਾਂ ਹੀ ਸਾਰੇ ਦਾਖਲੇ ਹੋ ਚੁੱਕੇ ਹਨ ਤੇ ਦਾਖਲੇ ਲਈ ਕੋਈ ਹੋਰ ਵਿਦਿਆਰਥੀ ਨਾ ਹੋਣ ਦੇ ਬਾਵਜੂਦ ਵੀ ਸਿੱਖਿਆ ਸਕੱਤਰ ਆਪਣੀ ਜ਼ਿੱਦ ਤੇ ਅੜਿਆ ਹੋਇਆ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਆਪਣੀ ਜੁਝਾਰੂ ਵਿਰਾਸਤ ਤੋਂ ਪ੍ਰੇਰਨਾ ਲੈਂਦਿਆਂ ਨਿੱਠ ਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣ ਦਾ ਸੁਨੇਹਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਕੁਮਾਰ ਵਰਮਾ ਜਸਕਰਨ ਸਿੰਘ ਲਖਵਿੰਦਰ ਸਿੰਘ  ਜਗਮੀਤ ਸਿੰਘ  ਡਾ ਹਰਿਭਜਨ ਪ੍ਰਿਅਦਰਸ਼ੀ  ਗੁਰਪਿਆਰ ਸਿੰਘ  ਰਾਜਿੰਦਰ ਕੁਮਾਰ ਬਠਲਾ  ਰਾਕੇਸ਼ ਕੁਮਾਰ ਅਮਨ ਖੁਰਾਣਾ ਜਤਿੰਦਰ ਕੁਮਾਰ . ਆਦਿ ਹਾਜਰ ਸਨ।
Attachments area

Leave a Reply

Your email address will not be published. Required fields are marked *

Back to top button