ਪੰਜਾਬ ਦੇ ਰਾਜਪਾਲ ਨੇ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਨੂੰ ਰੈੱਡ ਕਰਾਸ ਸੋਸਾਇਟੀ ਰਾਹੀਂ ਸਫ਼ਲਤਾਪੂਰਵਕ ਚਲਾਏ ਜਾ ਰਹੇ ਲੋਕ ਭਲਾਈ ਪ੍ਰੋਜੈਕਟਾਂ ਲਈ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ ਸਿੰਘ ਬਦਨੌਰ ਵੱਲੋਂ ਮੈਗਸੀਪਾ ਚੰਡੀਗੜ੍ਹ ਵਿਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਐਮ. ਕੇ. ਅਰਾਵਿੰਦ ਕੁਮਾਰ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਰਾਹੀਂ ਸਫ਼ਲਤਾਪੂਰਵਕ ਚਲਾਏ ਜਾ ਰਹੇ ਲੋਕ ਭਲਾਈ ਪ੍ਰੋਜੈਕਟਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਨੂੰ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੇ ਪ੍ਰਧਾਨ ਹੋਣ ਵਜੋਂ ਇਹ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਨਮਾਨ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਸ੍ਰੀ ਮੁਕਤਸਰ ਸਾਹਿਬ ਨੂੰ ਮੁੱਢਲੀ ਸਹਾਇਤਾ ਅਤੇ ਹੋਮ ਨਰਸਿੰਗ ਟੇ੍ਰਨਿੰਗ ਕੋਰਸ ਕਰਵਾਉਣ ਦੀ ਚੰਗੀ ਕਾਰਗੁਜ਼ਾਰੀ ਤਹਿਤ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਪ੍ਰੋ. ਗੋਪਾਲ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਕੀਤੀਆਂ ਜਾਂਦੀਆਂ ਗਤੀਵਿਧੀਆਂ ਜਿਵੇਂ ਕਿ ਇਮਦਾਦ ਪ੍ਰੋਜੈਕਟ, ਵਿਸ਼ੇਸ਼ ਲੋੜ੍ਹਾ ਵਾਲੇ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ, ਹੁਨਰ ਸਿਖਲਾਈ ਕੇਂਦਰ ਵਿਖੇ ਔਰਤਾਂ ਨੂੰ ਸਵੈ ਰੋਜ਼ਗਾਰ ਚਲਾਉਣ ਲਈ ਸਿਲਾਈ ਮਸ਼ੀਨਾਂ, 93000 ਬੱਚਿਆਂ ਨੂੰ ਖ਼ੂਨਦਾਨ ਕੈਂਪ ਦੌਰਾਨ ਚੈਕਅਪ ਕਰਵਾਉਣ, ਗਰੀਬ ਤੇ ਲੋੜਵੰਦ ਲੋਕਾਂ ਲਈ ਚਲਾਈ ਜਾ ਰਹੀ ਸਾਡੀ ਰਸੋਈ ਸਮੇਤ ਹੋਰ ਕਈ ਲੋਕ ਭਲਾਈ ਕੰਮਾਂ ਦੇ ਸਨਮੁੱਖ ਰਾਜਪਾਲ ਵੱਲੋ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਸੋਸਾਇਟੀ ਵੱਲੋਂ ਭਵਿੱਖ ਵਿੱਚ ਹੋਰ ਲੋਕ ਭਲਾਈ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਰੈਡ ਕਰਾਸ ਵੱਲੋਂ 1000 ਵਲੰਟੀਅਰਾਂ ਨੂੰ ਕੁਦਰਤੀ ਆਫ਼ਤਾਂ ਨਾਲ ਨਿਪਟਨ ਲਈ ਸਿਖਲਾਈ ਦਿੱਤੀ ਜਾਵੇਗੀ।