ਕਾਮੇਡੀਅਨ ਜਸਵਿੰਦਰ ਭੱਲਾ ਦੇ ਸਾਲੇ ਨੇ ਦੇਣਦਾਰਾਂ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ

ਲੁਧਿਆਣਾ:- ਸਥਾਨਕ ਸ਼ਾਸਤਰੀ ਨਗਰ ਇਲਾਕੇ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਅੱਜ ਆਪਣੇ ਘਰ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ 35 ਸਾਲਾਂ ਆਲੋਕਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਦਾ ਸਾਲਾ ਦੱਸਿਆ ਜਾ ਰਿਹਾ ਹੈ। ਪਰਿਵਾਰ ਮੁਤਾਬਕ ਅੱਜ ਸਵੇਰੇ ਜਦ ਆਲੋਕਦੀਪ ਦੀ ਲੈਕਚਰਾਰ ਪਤਨੀ ਕਾਲਜ ਤੇ ਬੱਚੇ ਸਕੂਲ ਗਏ ਹੋਏ ਸਨ ਤਾਂ ਆਲੋਕਦੀਪ ਨੇ ਪਿੱਛੋਂ ਖੁਦਕੁਸ਼ੀ ਕਰ ਲਈ।ਆਲੋਕਦੀਪ ਦੀ ਮਾਂ ਤੇ ਬਾਪ ਉਸ ਵੇਲੇ ਘਰ ਵਿਚ ਮੌਜੂਦ ਸਨ ਪਰ ਬਾਪ ਦਿਮਾਗੀ ਤੌਰ ਉਤੇ ਬਿਮਾਰ ਅਤੇ ਮਾਂ ਵੀ ਪਹਿਲਾਂ ਹੀ ਬੇਹੱਦ ਬੀਮਾਰ ਹਾਲਤ ਵਿਚ ਹਨ। ਆਲੋਕਦੀਪ ਵਲੋਂ ਖੁਦਕੁਸ਼ੀ ਕਰ ਲੈਣ ਦੀ ਖਬਰ ਪਰਿਵਾਰ ਵਲੋਂ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਨੇ ਮੌਕੇ ਉਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਮਾਮਲੇ ਦੀ ਜਾਂਚ ਲਈ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਵਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਉਤੇ 3 ਵਿਅਕਤੀਆਂ ਉਤੇ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ। ਜਿਨ੍ਹਾਂ ਤੋਂ ਮ੍ਰਿਤਕ ਨੇ ਕਰੀਬ 50 ਲੱਖ ਰੁਪਏ ਦੀ ਰਕਮ ਲੈਣੀ ਸੀ। ਇਸੇ ਕਾਰਨ ਹੀ ਮ੍ਰਿਤਕ ਵਲੋਂ ਖੁਦਕੁਸ਼ੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਫਿਲਹਾਲ ਪੁਲਸ ਉਕਤ 3 ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਜਾਂਚ ਸ਼ੁਰੂ ਕਰ ਦੇਵੇਗੀ।