ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਪੰਜਾਬ ‘ਚ ਹੋਇਆ ਦਾਖ਼ਲ ਸੰਗਤਾਂ ਨੇ ਕੀਤਾ ਨਿੱਘਾ ਸਵਾਗਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤੇ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅੱਜ ਰਾਜਿਸਥਾਨ ਤੋਂ ਪੰਜਾਬ ਪੁੱਜਣ ’ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਇਸੇ ਦੌਰਾਨ ਅੱਜ ਨਗਰ ਕੀਰਤਨ ਰਾਜਿਸਥਾਨ ਦੇ ਸ੍ਰੀ ਗੰਗਾਨਗਰ ਤੋਂ ਚੱਲ ਕੇ ਫ਼ਾਜ਼ਿਲਕਾ ਦੀ ਤਹਿਸੀਲ ਅਬੋਹਰ ਦੇ ਪਿੰਡ ਹਰੀਪੁਰਾ ਵਿਖੇ ਪਹੁੰਚ ਗਿਆ ਹੈ। ਇਥੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਅਤੇ ਅਰਦਾਸ ਮਗਰੋਂ ਨਗਰ ਕੀਰਤਨ ਰਵਾਨਾ ਹੋਇਆ ਸੀ। ਰਵਾਨਗੀ ਸਮੇਂ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਭੇਟ ਕੀਤੇ ਗਏ। ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੇ ਫੁੱਲ ਪੱਤੀਆਂ ਦੀ ਵਰਖਾ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਦੂਸਰੇ ਪਾਸੇ ਰਾਜਿਸਥਾਨ ਤੋਂ ਨਗਰ ਕੀਰਤਨ ਪੰਜਾਬ ਦੇ ਅਬੋਹਰ ਜ਼ਿਲ੍ਹੇ ’ਚ ਦਾਖ਼ਲ ਹੋਇਆ, ਜਿਥੇ ਸੰਗਤਾਂ ਨੇ ਖ਼ਾਲਸਾਈ ਜੈਕਾਰਿਆਂ ਨਾਲ ਸਵਾਗਤ ਕੀਤਾ।ਅਬੋਹਰ ਜ਼ਿਲ੍ਹੇ ਦੇ ਰਾਜਿਸਥਾਨ ਨਾਲ ਲਗਦੇ ਬਾਰਡਰ ’ਤੇ ਹਜ਼ਾਰਾਂ ਸੰਗਤਾਂ ਮੌਜੂਦ ਸਨ। ਇਥੇ ਸੰਗਤ ਨੇ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਸਨ। ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਤੱਕ ਰਸਤੇ ’ਤੇ ਦੂਰ ਦੁਰਾਡੇ ਤੋਂ ਪੁੱਜੀਆਂ ਸੰਗਤਾਂ ਨੇ ਉਤਸ਼ਾਹ ਨਾਲ ਨਗਰ ਕੀਰਤਨ ਪ੍ਰਤੀ ਸ਼ਰਧਾ ਦਿਖਾਈ। ਨਗਰ ਕੀਰਤਨ ’ਚ ਪ੍ਰਬੰਧਕੀ ਸੇਵਾ ਨਿਭਾ ਰਹੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਨਿਸ਼ਾਨ ਸਿੰਘ ਦੱਸਿਆ ਕਿ ਜਿਥੇ ਰਾਜਿਸਥਾਨ ਵਿਚ ਨਗਰ ਕੀਰਤਨ ਦਾ ਸੰਗਤ ਨੇ ਥਾਂ-ਥਾਂ ਸਵਾਗਤ ਕੀਤਾ, ਉਥੇ ਹੀ ਪੰਜਾਬ ਦਾਖ਼ਲ ਹੋਣ ਸਮੇਂ ਸੰਗਤ ਦੀ ਸ਼ਰਧਾ ਵੀ ਦੇਖਣਯੋਗ ਸੀ। ਹਰ ਪੜਾਅ ’ਤੇ ਹਜ਼ਾਰਾਂ ਸੰਗਤਾਂ ਸਵਾਗਤ ਲਈ ਪੁੱਜੀਆਂ ਹੋਈਆਂ ਸਨ।