ਮਾਨ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਇੱਕ ਫੋਨ ਕਾਲ 'ਤੇ ਬਾਗਬਾਨੀ ਮਾਹਿਰਾਂ ਦੀ ਲੈ ਸਕਣਗੇ ਸਲਾਹ
ਮਲੋਟ (ਪੰਜਾਬ): ਮਾਨ ਸਰਕਾਰ ਦੇ ਨਵੇਂ ਐਲਾਨ ਤਹਿਤ ਕਿਸਾਨਾਂ ਨੂੰ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਕਿਸਾਨ ਹੁਣ ਸਿਰਫ਼ ਇੱਕ ਫ਼ੋਨ ਕਾਲ ‘ਤੇ ਬਾਗਬਾਨੀ ਮਾਹਿਰਾਂ ਦੀ ਸਲਾਹ ਲੈ ਸਕਣਗੇ। ਇਸ ਦੇ ਲਈ ਪੰਜਾਬ ਦੇ ਬਾਗਬਾਨੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਨੇ ਬਾਗਬਾਨੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਾਰੇ ਬਲਾਕ ਅਧਿਕਾਰੀਆਂ ਦੇ ਸੰਪਰਕ ਨੰਬਰਾਂ ਦੀ ਸੂਚੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਤਾਂ ਜੋ ਲੋੜ ਪੈਣ ‘ਤੇ ਕਿਸਾਨ ਉਨ੍ਹਾਂ ਤੋਂ ਸਲਾਹ ਲੈ ਸਕਣ। ਸਰਕਾਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੇਸ਼ਮ ਦੀ ਕਾਸ਼ਤ ਸੰਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ
ਅਤੇ ਸਹਿਯੋਗ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਰੇਸ਼ਮ ਦੇ ਕੀੜਿਆਂ ਦੀ ਪੈਦਾਵਾਰ ਅਤੇ ਪਾਲਣ-ਪੋਸ਼ਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਹਨਾਂ ਕਿਸਾਨਾਂ ਨੂੰ ਬਾਗਬਾਨੀ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ ਲਈ ਵੀ ਕਿਹਾ। ਸੂਬੇ ਵਿੱਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਬਾਗਬਾਨੀ ਸ਼ੈਲਿੰਦਰ ਕੌਰ ਨੇ ਦੱਸਿਆ ਕਿ 2900 ਏਕੜ ਤੋਂ ਵੱਧ ਰਕਬਾ ਨਵੇਂ ਬਾਗਾਂ ਹੇਠ ਲਿਆਂਦਾ ਗਿਆ ਹੈ। ਇਸ ਤਹਿਤ ਬਾਗਾਂ ਹੇਠ ਵੱਧ ਰਕਬਾ ਲਿਆਉਣ ਲਈ ਵੀ ਠੋਸ ਉਪਰਾਲੇ ਕੀਤੇ ਜਾ ਰਹੇ ਹਨ। Author: Malout Live