ਸਿਹਤ ਵਿਭਾਗ ਬਠਿੰਡਾ ਵੱਲੋਂ ਮੰਕੀਪਾਕਸ ਸੰਬੰਧੀ ਅਡਵਾਈਜ਼ਰੀ ਜਾਰੀ

ਬਠਿੰਡਾ:- ਕੇਰਲ ਅਤੇ ਹੋਰ ਰਾਜਾਂ ਵਿੱਚ ਮੰਕੀ ਪਾਕਸ ਦੇ ਕੇਸ ਆਉਣ ਤੋਂ ਬਾਅਦ ਹੁਣ ਬਾਕੀ ਸੂਬਿਆਂ ਵਿੱਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਮੰਕੀਪਾਕਸ ਬਿਮਾਰੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਮੰਕੀ ਪਾਕਸ ਇੱਕ ਵਾਇਰਲ ਇੰਨਫੈਕਸ਼ਨ ਹੈ ਅਤੇ ਮੰਕੀਪਾਕਸ ਬਿਮਾਰੀ ਵਿੱਚ ਵਿਅਕਤੀ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਥਕਾਵਟ, ਸਿਰ ਵਿੱਚ ਦਰਦ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੋਜ਼, ਚਮੜੀ ਤੇ ਲਾਲ ਦਾਣੇ ਜਾਂ ਫੋੜੇ (ਚਿਹਰੇ ਤੋਂ ਸ਼ੁਰੂ ਹੋ ਕੇ ਬਾਹਾਂ, ਲੱਤਾਂ, ਹਥੇਲੀਆਂ ਅਤੇ ਤਲੀਆਂ ਤੱਕ), ਗਲੇ ਵਿੱਚ ਖਾਰਸ਼ ਜਾਂ ਖੰਘ ਅਤੇ ਸਰੀਰ ਵਿੱਚ ਲਗਾਤਾਰ ਐਨਰਜੀ ਦੀ ਕਮੀ ਹੋਣਾ ਜਿਹੇ ਲੱਛਣ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਗੰਭੀਰ ਬਿਮਾਰੀਆਂ ਨਾਲ ਗ੍ਰਹਿਸਥ ਵਿਅਕਤੀਆਂ ਨੂੰ ਇਸ ਬਿਮਾਰੀ ਦੇ ਲੱਛਣ ਜ਼ਿਆਦਾ ਅਤੇ ਗੰਭੀਰ ਹੋ ਸਕਦੇ ਹਨ ਜਿਵੇਂ ਅੱਖਾਂ ਵਿੱਚ ਦਰਦ ਜਾਂ ਧੁੰਦਲਾਪਣ, ਸਾਹ ਲੈਣ ਵਿੱਚ ਤਕਲੀਫ਼, ਸੀਨੇ ਵਿੱਚ ਦਰਦ, ਪਿਸ਼ਾਬ ਵਿੱਚ ਕਮੀ, ਵਾਰ-ਵਾਰ ਬੇਹੋਸ਼ ਹੋਣਾ ਅਤੇ ਦੌਰੇ ਪੈਣੇ ਆਦਿ ਲੱਛਣ ਹੋ ਸਕਦੇ ਹਨ। ਮੰਕੀ ਪਾਕਸ ਕਿਸੇ ਇਨਫੈਕਸ਼ਨ ਵਾਲੇ ਵਿਅਕਤੀ ਜਾਂ ਜਾਨਵਰ ਦੇ ਨੇੜਿਓਂ ਸੰਪਰਕ ਜਾਂ ਵਾਇਰਸ ਨਾਲ ਦੂਸ਼ਿਤ ਸਮੱਗਰੀ ਰਾਹੀਂ, ਖੰਘ ਜਾਂ ਛਿੱਕ ਦੇ ਛਿੱਟਿਆਂ ਰਾਹੀਂ ਮਨੁੱਖਾਂ ਵਿੱਚ ਅੱਗੇ ਫੈਲਦਾ ਹੈ। ਇਹ ਰੋਗ ਜ਼ਖਮਾਂ, ਸਰੀਰ ਤੇ ਤਰਲ ਪਦਾਰਥ, ਸਾਹ ਲੈਣ ਅਤੇ ਗੰਦੇ ਬਿਸਤਰੇ ਤੋਂ ਵੀ ਫੈਲਦਾ ਹੈ। ਇਹ ਚੇਚਕ ਦੇ ਮੁਕਾਬਲੇ ਘੱਟ ਇਨਫੈਕਸ਼ਨ ਵਾਲਾ ਰੋਗ ਹੈ ਅਤੇ ਘੱਟ ਗੰਭੀਰਤਾ ਵਾਲਾ ਰੋਗ ਹੈ। ਜੇਕਰ ਕਿਸੇ ਵੀ ਮਨੁੱਖ ਨੂੰ ਮੰਕੀ ਪਾਕਸ ਦੇ ਲੱਛਣ ਨਜਰ ਆਉਂਦੇ ਹਨ ਤਾਂ ਆਪਣੇ ਆਪ ਨੂੰ ਬਾਕੀ ਮੈਂਬਰਾਂ ਤੋਂ ਲਗਭਗ 21 ਦਿਨ ਅਲੱਗ ਕਰੇ, ਨੱਕ ਅਤੇ ਮੂੰਹ ਨੂੰ ਢੱਕਦਾ ਹੋਇਆ ਮਾਸਕ ਪਾਓ, ਸਰੀਰ ਦੇ ਜ਼ਖਮਾਂ ਨੂੰ ਚਾਦਰ ਜਾਂ ਗਾਊਨ ਨਾਲ ਢੱਕੋ, ਮਰੀਜ਼ ਦੁਆਰਾ ਵਰਤੇ ਗਏ ਬਿਸਤਰੇ, ਕੱਪੜੇ ਅਤੇ ਤੋਲੀਏ ਦੇ ਸੰਪਰਕ ਵਿੱਚ ਨਾ ਆਓ, ਸਾਬਣ ਪਾਣੀ ਜਾਂ ਅਲਕੋਹਲ ਆਧਾਰਿਤ ਸੈਨੀਟਾਈਜ਼ਰ ਦੀ ਵਰਤੋਂ ਕਰਨ।  

Author: Malout Live