ਕਰਤਾਰਪੁਰ ਲਾਂਘਾ ਖੁੱਲ੍ਹਣ ਸਬੰਧੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਹੋਈ ਆਰੰਭਤਾ
ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਖੁੱਲਣ ਜਾ ਰਹੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋ ਗਈ ਹੈ। ਜਿਸ ਦੇ 9 ਨਵੰਬਰ ਨੂੰ ਭੋਗ ਪਾਏ ਜਾਣਗੇ। ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਡਾ ਦਲਜੀਤ ਸਿੰਘ ਚੀਮਾ,ਨਿਰਮਲ ਸਿੰਘ ਕਾਹਲੋਂ, ਪਰਮਬੰਸ ਸਿੰਘ ਬੰਟੀ ਰੋਮਾਣਾ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ ਸਮੇਤ ਪਾਰਟੀ ਦੇ ਕਈ ਹੋਰ ਆਗੂ ਵੀ ਮੌਜੂਦ ਰਹੇ।ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਸੰਗਤਾਂ ਵੀ ਵੱਡੀ ਗਿਣਤੀ ‘ਚ ਹਾਜ਼ਰੀ ਭਰਨ ਲਈ ਪਹੁੰਚੀਆਂ। ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘਾ ਜਲਦ ਹੀ ਖੁੱਲ੍ਹਣ ਵਾਲਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲਾ ਜਥਾ ਰਵਾਨਾ ਹੋਵੇਗਾ।