ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਭਾਰਤ ਫੇਰੀ ਤੋਂ ਪਹਿਲਾਂ ਓਵਲ ਦਫਤਰ ਵਿਚ ਇਕ ਬਿਆਨ ਦਿੱਤਾ। ਇਸ ਬਿਆਨ ਵਿਚ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਹੋਣ ਵਾਲੀ ਆਪਣੀ ਭਾਰਤ ਫੇਰੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਬਿਹਤਰ ਸਬੰਧਾਂ ਦੀ ਆਸ ਦੇ ਨਾਲ ਭਾਰਤ ਜਾ ਰਹੇ ਹਨ। ਟਰੰਪ ਨੇ ਨਾਲ ਫਸਟ ਲੇਡੀ ਮੇਲਾਨੀਆ ਵੀ ਭਾਰਤ ਆਵੇਗੀ।

ਟਰੰਪ 24-25 ਫਰਵਰੀ ਨੂੰ ਭਾਰਤ ਫੇਰੀ 'ਤੇ ਆਉਣਗੇ। ਸਾਲ 2016 ਵਿਚ ਰਾਸ਼ਟਰਪਤੀ ਬਣਨ ਦੇ ਬਾਅਦ ਟਰੰਪ ਦਾ ਇਹ ਪਹਿਲਾ ਭਾਰਤ ਦੌਰਾ ਹੈ। ਟਰੰਪ ਨੇ ਕਿਹਾ ਹੈ ਕਿ ਉਹਨਾਂ ਦੀਆਂ ਨਜ਼ਰਾਂ ਆਪਣੇ ਇਸ ਭਾਰਤ ਦੌਰੇ 'ਤੇ ਹਨ ਜਿੱਥੇ ਲੱਖਾਂ ਲੋਕ ਉਹਨਾਂ ਦਾ ਸਵਾਗਤ ਕਰਨਗੇ। ਵ੍ਹਾਈਟ ਹਾਊਸ ਨੇ ਇਕ ਟਵੀਟ ‘ਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਭਾਰਤ ਦੀ ਯਾਤਰਾ ‘ਤੇ ਜਾਣਗੇ। ਇਹ ਯਾਤਰਾ ਅਮੇਰਿਕਾ-ਭਾਰਤ ਦੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਅਮੇਰਿਕੀ ਅਤੇ ਭਾਰਤੀ ਲੋਕਾਂ ਵਿਚ ਮਜ਼ਬੂਤ ਤੇ ਸਥਾਈ ਬੰਧਨ ਨੂੰ ਜ਼ਾਹਿਰ ਕਰੇਗੀ। ਵਿਦੇਸ਼ ਮੰਤਰਾਲਾ ਨੇ 16 ਜਨਵਰੀ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਦੀ ਪ੍ਰਸਤਾਵਿਤ ਯਾਤਰਾ ਨੂੰ ਲੈ ਕੇ ਭਾਰਤ ਅਤੇ ਅਮੇਰਿਕਾ ਡਿਪਲੋਮੈਟਿਕ ਚੈਨਲਾਂ ਰਾਹੀਂ ਸੰਪਰਕ ‘ਚ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਨਵੀਂ ਦਿੱਲੀ ‘ਚ ਇਕ ਬ੍ਰੀਫਿੰਗ ਦੌਰਾਨ ਕਿਹਾ ਸੀ, ”ਇਸ ‘ਤੇ ਕਿਆਸ ਲਗਾਏ ਜਾ ਰਹੇ ਹਨ… ਜਦੋਂ ਮੋਦੀ ਜੀ ਅਮੇਰਿਕੀ ਰਾਸ਼ਟਰਪਤੀ ਟਰੰਪ ਨੂੰ ਮਿਲੇ ਸਨ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ, ਦੋਵੇਂ ਦੇਸ਼ ਇਸ ਬਾਰੇ ਸੰਪਰਕ ਕਰ ਰਹੇ ਹਨ। ਜਦੋਂ ਸਾਨੂੰ ਪੁਖਤਾ ਜਾਣਕਾਰੀ ਮਿਲੇਗੀ ਤਾਂ ਅਸੀਂ ਤੁਹਾਡੇ ਨਾਲ ਇਸ ਨੂੰ ਸਾਂਝਾ ਕਰਾਂਗੇ।” ਪਿਛਲੇ ਸਤੰਬਰ ‘ਚ ਹਿਊਸਟਨ ‘ਚ ‘ਹਾਉਡੀ ਮੋਦੀ’ ਪ੍ਰੋਗਰਾਮ ‘ਚ ਟਰੰਪ ਨਾਲ ਮੰਚ ਸਾਂਝਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ, ਉਨ੍ਹਾਂ ਨੇ ਟਰੰਪ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਭਾਰਤ ਦੌਰਾ ਦੇਸ਼ਾਂ ਦੇ ਸਾਂਝੇ ਸੁਪਨਿਆਂ ਨੂੰ ਇਕ ਨਵੀਂ ਉਚਾਈ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲੇਨੀਆ ਦੇ 24 ਤੇ 25 ਫਰਵਰੀ ਨੂੰ ਭਾਰਤ ਆਉਣ ਦੀ ਆਸ ਕੀਤੀ ਜਾ ਰਹੀ ਹੈ। ਆਪਣੇ ਦੌਰੇ ਦੌਰਾਨ ਟਰੰਪ ਉਂਝ ਤਾਂ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਆਪਣਾ ਸਮਾਂ ਬਿਤਾਉਣਗੇ, ਨਾਲ ਹੀ ਹੋਰਨਾਂ ਸ਼ਹਿਰਾਂ ‘ਚ ਵੀ ਕੁਝ ਸਮੇਂ ਲਈ ਜਾ ਸਕਦੇ ਹਨ। ਇਸ ਤੋਂ ਇਲਾਵਾ ਗੁਜਰਾਤ ਦੇ ਅਹਿਮਦਾਬਾਦ ਵਿਖੇ ਵੀ ਰੁਕਣਗੇ ਅਤੇ ਸਮੂਹਿਕ ਪਬਲਿਕ ਮੀਟਿੰਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦੇ ਦੋਹਾਂ ਦੇਸ਼ਾਂ ਨਾਲ ਵਪਾਰਕ ਡੀਲ SIGN ਕਰਨ ਦੀ ਵੀ ਉਮੀਦ ਹੈ। ਦੱਸਣਯੋਗ ਹੈ ਕਿ ਦੋ ਹਫਤੇ ਪਹਿਲਾਂ ਟਰੰਪ ਦੇ ਵਿਦੇਸ਼ ਦੌਰਿਆਂ ਨੂੰ ਸੰਭਾਲਣ ਵਾਲੀ ਉੱਚ ਪੱਧਰੀ ਲਾਜਿਸਟਿਕ ਟੀਮ ਨੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਆਪਣੇ ਰਾਸ਼ਟਰਪਤੀ ਦੇ ਪਹਿਲੇ ਦੌਰੇ ਦੀਆਂ ਤਿਆਰੀਆਂ ਨੂੰ ਪਰਖਿਆ ਸੀ।