ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਸਿਹਤ ਮੇਲੇ ਦੌਰਾਨ ਲਗਵਾਈ ਕੋਰੋਨਾ ਵੈਕਸੀਨੇਸ਼ਨ ਦੀ ਪ੍ਰਿਕੋਸ਼ਨਰੀ ਡੋਜ਼

ਮਲੋਟ:- ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਸਮਾਗਮਾਂ ਦੀ ਲੜੀ ਤਹਿਤ ਜ਼ਿਲਾ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਆਈ.ਏ.ਐੱਸ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ ਬੀਤੀ 22 ਅਪ੍ਰੈਲ ਨੂੰ ਬਲਾਕ ਪੱਧਰੀ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਵਿਧਾਨਸਭਾ ਹਲਕਾ ਲੰਬੀ ਦੇ ਵਿਧਾਇਕ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਮੇਲੇ ਦੌਰਾਨ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕੋਰੋਨਾ ਵੈਕਸੀਨੇਸ਼ਨ ਦੀ ਤੀਜੀ ਭਾਵ ਪ੍ਰਿਕੋਸ਼ਨਰੀ ਡੋਜ਼ ਲਗਵਾਈ। ਇਸ ਮੌਕੇ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਅਜੇ ਪੂਰੀ ਤਰਾਂ ਖ਼ਤਮ ਨਹੀ ਹੋਈ।

ਇਸ ਤੋਂ ਬਚਣ ਲਈ ਸਾਰਿਆਂ ਨੂੰ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਜਰੂਰ ਲਗਵਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਐੱਸ.ਐੱਮ.ਓ ਲੰਬੀ ਡਾ. ਪਵਨ ਕੁਮਾਰ ਮਿੱਤਲ ਨੇ ਕਿਹਾ ਕੋਰੋਨਾ ਦੀ ਤੀਜੀ ਲਹਿਰ ਦੇ ਘੱਟ ਅਸਰਦਾਰ ਹੋਣ ਦਾ ਕਾਰਨ ਬਹੁਤ ਲੋਕਾਂ ਨੂੰ ਵੈਕਸੀਨੇਸ਼ਨ ਲੱਗੀ ਹੋਣਾ ਸੀ। ਪਰ ਹੁਣ ਫਿਰ ਕੋਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਇਸ ਲਈ ਮੁਕੰਮਲ ਵੈਕਸੀਨੇਸ਼ਨ ਲਗਾਉਣੀ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ 12-14 ਸਾਲ ਦੇ ਬਚਿੱਆਂ ਨੂੰ ਕੋਰਬੀ ਵੈਕਸ ਅਤੇ 15-17 ਸਾਲ ਤੱਕ ਦੇ ਬੱਚਿਆਂ ਨੂੰ ਕੋ-ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ। ਇਸ ਲਈ ਮਾਪੇ ਆਪਣੀ ਅਤੇ ਆਪਣੇ ਬੱਚਿਆਂ ਦੀ ਵੈਕਸੀਨੇਸ਼ਨ ਲਾਜ਼ਮੀ ਤੌਰ ਤੇ ਕਰਵਾਉਣ। ਇਸ ਮੌਕੇ ਸੀ.ਐੱਚ.ਸੀ ਲੰਬੀ ਦਾ ਸਮੂਹ ਸਟਾਫ ਹਾਜ਼ਿਰ ਸੀ। Author : Malout Live