ਦਿਲ ਦੇ ਮਰੀਜ਼ਾਂ ਲਈ ਚੰਗੀ ਪਰ ਬਜ਼ੁਰਗਾਂ ਲਈ ਤਾਂ ਵਰਦਾਨ ਹੈ ਸ਼ਰਾਬ !
ਸੰਕੇਤਕ ਤਸਵੀਰ
65 ਸਾਲ ਤੋਂ ਉੱਪਰ ਦੀ ਉਮਰ ਦੇ ਬਿਰਧ ਲੋਕ, ਜਿਨ੍ਹਾਂ ਨੂੰ ਹਾਲ ਹੀ ਵਿੱਚ ਆਪਣੇ ਦਿਲ ਦੀ ਬਿਮਾਰੀ ਬਾਰੇ ਪਤਾ ਲੱਗਾ ਹੈ, ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ। ਤਾਜ਼ਾ ਖੋਜ ਵਿੱਚ ਪਤਾ ਲੱਗਾ ਹੈ ਕਿ ਅਜਿਹੇ ਮਰੀਜ਼ ਆਪਣੇ ਦਿਲ ਦੀ ਚਿੰਤਾ ਕੀਤੇ ਬਗ਼ੈਰ ਸ਼ਰਾਬ ਦਾ ਸੇਵਨ ਕਰ ਸਕਦੇ ਹਨ।
ਨਵੀਂ ਖੋਜ ਮੁਤਾਬਕ ਹਰ ਹਫ਼ਤੇ ਸੱਤ ਜਾਂ ਇਸ ਤੋਂ ਘੱਟ ਪੈੱਗ ਲਾਉਣ ਵਾਲਿਆਂ ਦੀ ਉਮਰ ਸ਼ਰਾਬ ਨਾ ਪੀਣ ਵਾਲਿਆਂ ਦੀ ਤੁਲਨਾ ਵਿੱਚ ਇੱਕ ਸਾਲ ਵਧਦੀ ਹੈ। ਹਾਲਾਂਕਿ, ਖੋਜਕਾਰਾਂ ਮੁਤਾਬਕ ਅਧਿਐਨ ਦਾ ਮਤਲਬ ਇਹ ਨਹੀਂ ਹੈ ਕਿ ਦਿਲ ਦੀ ਬਿਮਾਰੀ ਦਾ ਪਤਾ ਲੱਗਦਿਆਂ ਹੀ ਤੁਸੀਂ ਸ਼ਰਾਬ ਪੀਣ ਲੱਗ ਜਾਵੋ। ਉੱਘੇ ਲੇਖਕ ਤੇ ਅਮਰੀਕਾ ਦੇ ਵਾਸ਼ਿੰਗਟਨ ਸਕੂਲ ਆਫ਼ ਮੈਡੀਸਨ ਦੇ ਪ੍ਰੋਫੈਸਰ ਐਲ. ਬ੍ਰਾਊਨ ਨੇ ਕਿਹਾ ਕਿ ਵੱਧ ਸ਼ਰਾਬ ਪੀਣ ਦੇ ਖ਼ਤਰਿਆਂ ਬਾਰੇ ਲੰਮੇ ਸਮੇਂ ਤੋਂ ਜਾਣਦੇ ਹਾਂ ਕਿ ਇਸ ਨਾਲ ਦਿਲ ਦੇ ਫੇਲ੍ਹ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਧਾਰਨਾ ਦੇ ਉਲਟ ਸਿਹਤਮੰਦ ਲੋਕ ਥੋੜ੍ਹੀ ਬਹੁਤੀ ਸ਼ਰਾਬ ਪੀਂਦੇ ਹਨ ਤਾਂ ਉਨ੍ਹਾਂ ਨੂੰ ਸ਼ਰਾਬ ਨਾ ਪੀਣ ਵਾਲਿਆਂ ਦੀ ਤੁਲਨਾ ਵਿੱਚ ਦਿਲ ਦਾ ਦੌਰਾ ਪੈਣ ਤੋਂ ਕਾਫੀ ਲੰਮੇ ਸਮੇਂ ਤਕ ਬਚਾਅ ਰਹਿੰਦਾ ਹੈ। ਜਾਮਾ ਨੈੱਟਵਰਕ ਓਪਨ ਜਨਰਲ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਨੂੰ ਬਜ਼ੁਰਗ ਹੋਣ ਤੋਂ ਬਾਅਦ ਦਿਲ ਦੇ ਦੌਰੇ ਦਾ ਪਤਾ ਲੱਗਦਾ ਹੈ, ਉਨ੍ਹਾਂ ਕਦੇ ਵੀ ਸ਼ਰਾਬ ਪੀਣੀ ਸ਼ੁਰੂ ਨਹੀਂ ਹੋਣੀ ਚਾਹੀਦੀ। ਇਸ ਦੇ ਉਲਟ ਜੇਕਰ ਲੋਕ ਰੋਜ਼ ਇੱਕ ਜਾਂ ਦੋ ਪੈੱਗ ਪੀਂਦੇ ਹਨ ਤੇ ਦਿਲ ਦੀ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਵੀ ਇਹ ਆਦਤ ਨਹੀਂ ਛੱਡਦੇ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ।