ਜੀ.ਓ.ਜੀ ਅੱਜ ਕੈਬਨਿਟ ਮੰਤਰੀ ਫੌਜਾ ਸਿੰਘ ਨੂੰ ਫਿਰੋਜਪੁਰ ‘ਚ ਦਿਖਾਉਣਗੇ ਕਾਲੀਆਂ ਝੰਡੀਆਂ

ਮਲੋਟ: ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿੱਚ ਜੀ.ਓ.ਜੀ ਸਕੀਮ ਨੂੰ ਬੰਦ ਕਰਨ ਦਾ ਫੈਸਲਾ ਆਉਣ ਨਾਲ ਸਾਬਕਾ ਫੌਜੀਆਂ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਦਾਣਾ ਮੰਡੀ ਮਲੋਟ ਵਿਖੇ ਬੀਤੇ ਦਿਨੀਂ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫੱਕਰਸਰ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਫੈਸਲਾ ਲਿਆ ਗਿਆ ਕਿ ਜੀ.ਓ.ਜੀ ਪੰਜਾਬ ਤੋਂ ਦਿੱਤੀ ਕਾਲ ਅਨੁਸਾਰ ਅੱਜ ਸੋਮਵਾਰ ਨੂੰ ਸਾਰਾਗੜੀ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜ ਰਹੇ ਪੰਜਾਬ ਰੱਖਿਆ ਸੇਨਾਵਾਂ ਭਲਾਈ ਮੰਤਰੀ ਫੌਜਾ ਸਿੰਘ ਦਾ ਸ਼ਾਂਤੀਪੂਰਵਕ ਤਰੀਕੇ ਨਾਲ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ।

ਮੰਗਲਵਾਰ ਨੂੰ ਪੰਜਾਬ ਭਰ ਦੇ ਐੱਸ.ਡੀ.ਐਮ ਅਤੇ ਡੀ.ਸੀ ਸਾਹਿਬਾਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਇਸ ਫੈਸਲੇ ਤੇ ਪੁਨਰ ਵਿਚਾਰ ਲਈ ਦਿੱਤਾ ਜਾਵੇਗਾ। ਇਸ ਮੌਕੇ ਇਕੱਤਰ ਸਾਬਕਾ ਫੌਜੀਆਂ ਨੇ ਪੰਜਾਬ ਸਰਕਾਰ ਅਤੇ ਕੇਜਰੀਵਾਲ ਖਿਲਾਫ਼ ਨਾਅਰੇਬਾਜੀ ਵੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਜੀ.ਓ.ਜੀ ਨਾਲ ਕੇਜਰੀਵਾਲ ਨੇ ਇਸ ਸਕੀਮ ਨੂੰ ਚਲਦਾ ਰੱਖਣ ਦਾ ਵਾਅਦਾ ਕੀਤਾ ਸੀ ਪਰ ਹੁਣ ਅਚਾਨਕ ਜੀ.ਓ.ਜੀ ਸਕੀਮ ਬੰਦ ਕਰਕੇ ਫੌਜੀਆਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਾ ਕੰਮ ਕੀਤਾ ਹੈ। Author: Malout Live