ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਵਿਖੇ ਫ਼ਲਦਾਰ ਬੂਟੇ ਉਪਲੱਬਧ ਬਾਗਬਾਨੀਂ ਤੇ ਕਿਸਾਨਾਂ ਨੂੰ ਲਾਹਾ ਲੈਣ ਦੀ ਅਪੀਲ

ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ): ਬਰਿੰਦਰਪਾਲ ਸਿੰਘ ਇੰਚਾਰਜ ਸਰਕਾਰੀ ਬਾਗ ਤੇ ਨਰਸਰੀ ਸਰਾਏਨਾਗਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਬਾਗ ਤੇ ਨਰਸਰੀ, ਸਰਾਏਨਾਗਾ ਵਿਖੇ ਕਿੰਨੂ, ਨਿੰਬੂ, ਮਾਲਟਾ, ਜਾਮੁਣ ਅਤੇ ਹੋਰ ਵਧੀਆ ਕਿਸਮ ਦੇ ਫ਼ਲਦਾਰ ਬੂਟੇ ਉਪਲੱਬਧ ਹਨ। ਬਰਿੰਦਰਪਾਲ ਸਿੰਘ ਅਨੁਸਾਰ ਲੋਕਾਂ ਨੂੰ ਰਿਵਾਇਤੀ ਫ਼ਸਲਾਂ ਦੇ ਚੱਕਰ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਬਾਗਬਾਨੀ ਵਿਭਾਗ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਬਾਗਬਾਨੀ ਇਕ ਅਜਿਹਾ ਕਾਰਜ ਖੇਤਰ ਹੈ ਜਿਹੜਾ ਕਿ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਉੱਪਰ ਵਧੇਰੇ ਤੇਜ਼ੀ ਨਾਲ ਅੱਗੇ ਤੋਰ ਸਕਦਾ ਹੈ। ਫਲਦਾਰ ਬੂਟੇ ਲਗਾ ਕੇ ਆਮਦਨੀ ਵਿੱਚ ਵਾਧਾ ਕਰਨ ਦੇ ਨਾਲ-ਨਾਲ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਵੀ ਵੱਡੇ ਪੱਧਰ ਉੱਤੇ ਯੋਗਦਾਨ ਪਾਇਆ ਜਾ ਸਕਦਾ ਹੈ। ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਚੰਗੇ ਫਲਦਾਰ ਬੂਟੇ ਲਗਾ ਕੇ ਚੰਗੇ ਬਾਗ ਵਿਕਸਤ ਕੀਤੇ ਜਾਣ ਦੇ ਨਾਲ-ਨਾਲ ਘਰੇਲੂ ਪੱਧਰ ਉੱਤੇ ਫਲਦਾਰ ਬੂਟੇ ਲਾ ਕੇ ਆਪਣੇ ਘਰ ਦੇ ਫਲ ਖਾਣ ਲਈ ਵੱਧ ਤੋਂ ਵੱਧ ਫਲਦਾਰ ਬੂਟੇ ਲਗਾਉਣ ਲਈ ਵੀ ਪਹਿਲਕਦਮੀ ਕਰਨੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਚਾਹਵਾਨਾਂ ਨੂੰ ਸਰਕਾਰੀ ਬਾਗ ਤੇ ਨਰਸਰੀ ਕੋਟਕਪੂਰਾ ਹਾਈਵੇਅ ਸਰਾਏਨਾਗਾ ਵਿਖੇ ਸਥਿਤ ਦਫਤਰ ਨਾਲ ਜਾਂ ਮੋਬਾਇਲ ਨੰ. 73475-00540 ਤੇ ਤਾਲਮੇਲ ਕਰਨਾ ਚਾਹੀਦਾ ਹੈ। Author: Malout Live