ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ ਮੁਫਤ ਇਲਾਜ - ਸਿਵਿਲ ਸਰਜਨ

ਸ੍ਰੀ ਮੁਕਤਸਰ ਸਾਹਿਬ:- ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪੰਜਾਬ ਵਿੱਚ ਬਹੁਤ ਸਫ਼ਲਤਾ ਨਾਲ ਚੱਲ ਰਹੀ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੱਸਿਆ ਕਿ ਪੰਜਾਬ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੇ 5 ਲੱਖ ਤੱਕ ਦੇ ਮੁਫ਼ਤ ਇਲਾਜ ਲਈ 20 ਅਗਸਤ 2019 ਤੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਰਕਾਰੀ ਅਤੇ ਪ੍ਰਵਾਨਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਯੋਜਨਾ ਵਿੱਚ ਸ਼ਾਮਿਲ ਕਰਨ ਵਾਲੇ ਪਰਿਵਾਰਾਂ ਨੂੰ ਲਾਭ ਦੇਣ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਗੋਲਡ ਕਾਰਡ ਬਣ ਰਹੇ ਹਨ। ਉਹਨਾਂ ਅੱਗੇ ਦੱਸਿਆਂ ਕਿ ਜਿਨ੍ਹਾ ਲਾਭਪਾਤਰੀਆਂ ਦੇ ਇਹ ਕਾਰਡ ਬਣ ਗਏ ਹਨ, ਉਹ ਆਪਣਾ  5 ਲੱਖ ਤੱਕ ਦਾ ਲੋੜੀਂਦਾ ਇਲਾਜ ਪ੍ਰਵਾਨਿਤ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਦਾਖਲ ਹੋ ਕੇ ਬਿਲਕੁਲ ਮੁਫ਼ਤ ਕਰਵਾ ਰਹੇ ਹਨ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ 10 ਸਰਕਾਰੀ ਅਤੇ 16 ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸਿਹਤ ਵਿਭਾਗ ਵੱਲੋਂ ਇਸ ਯੋਜਨਾ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਰੂਰਤਮੰਦ ਪਰਿਵਾਰਾਂ ਨੂੰ ਇਸ ਯੋਜਨਾ ਦਾ ਕਾਫ਼ੀ ਲਾਭ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ ਹੁਣ ਤੱਕ ਪਬਲਿਕ ਹਸਪਤਾਲਾਂ ਵਿੱਚ 3764 ਵਿਅਕਤੀਆਂ ਦਾ  ਲੱਗਭਗ 2 ਕਰੋੜ 17 ਲੱਖ ਰੁਪਏ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 4206 ਲੋਕਾਂ ਦਾ ਇਲਾਜ ਹੋੋਇਆ ਹੈ ਜਿਹਨਾਂ ਤੇ ਲੱਗਭਗ 5 ਕਰੋੜ 77 ਲੱਖ ਰੁਪਏ ਖਰਚਾ ਹੋਇਆ ਹੈ। ਇਸ ਯੋਜਨਾ ਤਹਿਤ ਸੇਵਾਵਾਂ ਦੇਣ ਲਈ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਕਰਮਚਾਰੀਆਂ ਨੂੰ ਵਿਸ਼ੇਸ ਟ਼ੇਨਿੰਗਾਂ ਦਿੱਤੀਆਂ ਗਈਆਂ ਹਨ ਅਤੇ ਸਬੰਧਿਤ ਹਸਪਤਾਲਾਂ ਵਿੱਚ ਅਰੋਗਿਆ ਮਿੱਤਰ ਤਾਇਨਾਤ ਕੀਤੇ ਗਏ ਹਨ।   ਇਹ ਗੋਲਡਨ ਕਾਰਡ 2011 ਦੀ ਜਨਗਣਨਾ ਦੇ ਆਧਾਰ ਤੇ ਬੀ.ਪੀ.ਐਲ. ਪਰਿਵਾਰ, ਨੀਲੇ ਕਾਰਡ ਧਾਰਕ, ਛੋਟੇ ਵਾਪਾਰੀ ਅਤੇ ਕਿਸਾਨ ਪਰਿਵਾਰ (ਜੇ ਫਾਰਮ ਹੋਲਡਰ), ਕਿਰਤ ਵਿਭਾਗ ਕੋਲ ਰਜਿਸਟਰਡ ਉਸਾਰੀ ਕਾਮੇ ਦੇ ਬਣਾਏ ਜਾ ਰਹੇ ਹਨ। ਉਹਨਾ ਦੱਸਿਆ ਕਿ ਈ ਕਾਰਡ ਬਨਾਉਣ ਲਈ ਲਾਭਪਾਤਰੀ ਆਪਣੀ ਯੋਗਤਾ ਅਨੁਸਾਰ ਜਰੂਰੀ ਦਸਤਾਵੇਜ਼ ਜਿਸ ਵਿੱਚ ਆਧਾਰ ਕਾਰਡ, ਰਾਸ਼ਨ ਕਾਰਡ, ਵਿਅਕਤੀਗਤ ਪੈਨ ਕਾਰਡ, ਫੋਟੋ ਆਦਿ ਜਰੂਰੀ ਹਨ। ਇਸ ਸਬੰਧੀ ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਦਫ਼ਤਰ ਡਿਪਟੀ ਮੈਡੀਕਲ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜਾਂ 104 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।  ਉਹਨਾ ਲਾਭਪਾਤਰੀਆਂ ਨੁੂੰ ਅਪੀਲ ਕੀਤੀ ਕਿ ਜੇਕਰ ਪ਼ਵਾਨਿਤ ਹਸਪਤਾਲ ਵਿੱਚ ਇਲਾਜ ਦੌਰਾਨ ਕੋਈ ਫੀਸ ਜਾਂ ਦਵਾਈ ਜਾਂ ਟੈਸਟ ਦੇ ਪੈਸੇ ਆਦਿ ਦੀ ਮੰਗ ਕਰਦਾ ਹੈ ਤਾਂ ਇਸ ਦੀ ਸੂਚਨਾਂ ਤੁਰੰਤ 104  ਨੰਬਰ ਉੱਤੇ ਦਿੱਤੀ ਜਾ ਸਕਦੀ ਹੈ। ਜੇਕਰ ਲਾਭਪਾਤਰੀ ਦਾ ਨਾਮ ਸੂਚੀ ਵਿੱਚ ਦਰਜ ਹੈ ਤਾਂ ਉਹ ਆਧਾਰ ਕਾਰਡ ਚੈਕ ਕਰਵਾ ਕੇ ਮੌਕੇ ਤੇ ਹੀ ਕਾਰਡ ਬਣਵਾ ਸਕਦਾ ਹੈ।