ਨਰਮੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਮਿਸ਼ਨ ਉਨੱਤ ਕਿਸਾਨ ਤਹਿਤ ਪਿੰਡ ਕੋਲਿਆਂਵਾਲੀ ਵਿਖੇ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ
ਮਲੋਟ: ਨਰਮੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਮਿਸ਼ਨ ਉੱਨਤ ਕਿਸਾਨ ਤਹਿਤ ਪਿੰਡ ਕੋਲਿਆਂਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਕੋਲਿਆਂਵਾਲੀ ਵਿੱਚ ਅੱਜ ਜਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਨਰਮੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ. ਪਰਮਿੰਦਰ ਸਿੰਘ ਧੰਜੂ ਬਲਾਕ ਖੇਤੀਬਾੜੀ ਅਫ਼ਸਰ ਮਲੋਟ ਦੀ ਯੋਗ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ. ਅੰਮ੍ਰਿਤ ਕ੍ਰਿਪਾਲ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਸਰਕਲ ਕੋਲਿਆਵਾਲੀ ਨੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੀਆਂ ਸਿਫਾਰਸ਼ਸ਼ੁੱਦਾ ਕਿਸਮਾਂ,
ਨਰਮੇ ਦੀ ਬਿਜਾਈ ਦੌਰਾਨ ਵਰਤੋਂ ਹੋਣ ਵਾਲੀਆਂ ਖਾਦਾਂ ਦੀ ਸੁਚੱਜੀ ਵਰਤੋਂ, ਪੰਜਾਬ ਸਰਕਾਰ ਵੱਲੋਂਂ ਨਰਮੇ ਦੇ ਬੀਜਾਂ ਉਪਰ ਦਿੱਤੀ ਜਾ ਰਹੀ ਸਬਸਿਡੀ ਅਤੇ ਪੰਜਾਬ ਸਰਕਾਰ ਵੱਲੋਂਂ ਨਰਮੇ ਦੀ ਬਿਜਾਈ ਵਾਲੇ ਪਿੰਡਾਂ ਵਿੱਚ ਕਿਸਾਨ ਮਿੱਤਰ ਅਤੇ ਸੁਪਰਵਾਇਜ਼ਰਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸ਼੍ਰੀਮਤੀ ਪ੍ਰਦੀਪ ਕੌਰ ਖੇਤੀਬਾੜੀ ਉਪ-ਨਿਰੀਖਕ ਨੇ ਕਿਸਾਨਾਂ ਨੂੰ ਮਿੱਟੀ ਪਾਣੀ ਦੇ ਸੈਂਪਲ ਲੈਣ ਦੀ ਵਿਧੀ ਅਤੇ ਪਰਖ ਕਰਾਉਣ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਭਾਰਤ ਸਰਕਾਰ ਦੀ ਚੱਲ ਰਹੀ ਪੀ.ਐਮ.ਕਿਸਾਨ ਸਨਮਾਨ ਨਿੱਧੀ ਯੋਜਨਾ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਕੈਂਪ ਦੌਰਾਨ ਸੁਪਰਵਾਇਜ਼ਰ ਸ਼੍ਰੀ ਮਨਵੀਰ ਸਿੰਘ, ਕਿਸਾਨ ਮਿੱਤਰ ਸ਼੍ਰੀ ਅਮਰੀਕ ਸਿੰਘ, ਪਿੰਡ ਦੇ ਕਿਸਾਨ ਸ਼੍ਰੀ ਬਲਵਿੰਦਰ ਸਿੰਘ, ਰਾਜਵੀਰ ਸਿੰਘ, ਨਿਸ਼ਾਨ ਸਿੰਘ, ਲਾਲ ਸਿੰਘ ਅਤੇ ਹੋਰ ਮੋਹਤਵਾਰ ਕਿਸਾਨ ਹਾਜ਼ਿਰ ਸਨ। Author: Malout Live