ਆਸ਼ੀਰਵਾਦ ਸਕੀਮ ਦਾ ਲਾਭ ਦੇਣ ਲਈ ਆਸ਼ੀਰਵਾਦ ਪੋਰਟਲ ਦੀ ਕੀਤੀ ਜਾ ਰਹੀ ਹੈ ਸ਼ੁਰੂਆਤ- ਡਿਪਟੀ ਕਮਿਸ਼ਨਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜਿਕ ਨਿਆਂ, ਅਧਿਕਾਰਿਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਵੱਲੋਂ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਆਸ਼ੀਰਵਾਦ ਸਕੀਮ ਤਹਿਤ ਆਸ਼ੀਰਵਾਦ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਲੋੜਵੰਦਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਆਪਣੀ ਪ੍ਰਤੀ ਬੇਨਤੀ ਇਸ ਪੋਰਟਲ ਉੱਪਰ ਆਨਲਾਈਨ ਅਪਲਾਈ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਆਨਲਾਈਨ ਪੋਰਟਲ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕਰਨ ਦੇ ਨਾਲ ਲਾਭਪਾਤਰੀਆਂ ਦਾ ਕਾਫੀ ਸਮਾਂ ਬੱਚ ਜਾਵੇਗਾ
ਅਤੇ ਆਫਲਾਈਨ ਦਰਖਾਸਤਾਂ ਦੀ ਪ੍ਰਕਿਰਿਆ ਨਾਲ ਹੋਣ ਵਾਲੀ ਦੇਰੀ ਦੀ ਖੱਜਲ-ਖੁਆਰੀ ਤੋਂ ਬਚਣਗੇ। ਆਮ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਦੇ ਮਨੋਰਥ ਵਜੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਸਟਮ ਨਵਾਂ ਹੋਣ ਕਰਕੇ ਹਾਲ ਦੀ ਘੜੀ ਲਾਭਪਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਿਨੈਕਾਰ ਆਪਣੀ ਦਰਖਾਸਤ ਆਨਲਾਈਨ ਜਾਂ ਆਫਲਾਈਨ 31 ਦਸੰਬਰ 2022 ਤੱਕ ਦੇ ਸਕਣਗੇ ਪਰ 1 ਜਨਵਰੀ 2023 ਤੋਂ ਵਿਭਾਗ ਵੱਲੋਂ ਕੇਵਲ ਆਨਲਾਈਨ https://ashirwad.punjab.gov.in/ ਤੇ ਦਰਖਾਸਤਾਂ ਹੀ ਵਿਚਾਰੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਪੋਰਟਲ ਸ਼ੁਰੂ ਹੋਣ ਨਾਲ ਯੋਗ ਲਾਭਪਾਤਰੀਆਂ ਨੂੰ ਘੱਟ ਸਮੇਂ ਵਿੱਚ ਪਾਰਦਰਸ਼ੀ ਤਰੀਕੇ ਨਾਲ ਸਕੀਮ ਦਾ ਲਾਭ ਮਿਲੇਗਾ। Author: Malout Live