ਜ਼ਿਲ੍ਹੇ ਵਿੱਚ ਡੇਂਗੂ ਦਾ ਕਹਿਰ ਜਾਰੀ, ਡਾ. ਰੰਜੂ ਸਿੰਗਲਾ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਅਤੇ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਡੇਂਗੂ ਦੇ ਕੇਸਾਂ ਦੀ ਗਿਣਤੀ ਵਧ ਕੇ 327 ਹੋ ਗਈ ਹੈ, ਇਸ ਲਈ ਸਾਨੂੰ ਡੇਂਗੂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਅਤੇ ਸ਼ਹਿਰੀ ਖੇਤਰਾਂ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਜੋ ਕਿ ਸ਼ਹਿਰਾਂ ਦੇ ਵੱਖ- ਵੱਖ ਖੇਤਰਾਂ ਅਤੇ ਡੇਂਗੂ ਪੌਜ਼ੀਟਿਵ ਕੇਸਾਂ ਦੇ ਘਰਾਂ ਵਿੱਚ ਅਤੇ ਘਰਾਂ ਦੇ ਆਸ-ਪਾਸ ਜਾ ਕੇ ਖੜੇ ਪਾਣੀ ਵਿੱਚ ਲਾਰਵਾ ਵਿਰੋਧੀ ਸਪਰੇਅ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਉਹਨਾਂ ਵੱਲੋਂ ਲੋਕਾਂ ਨੂੰ ਡੇਂਗੂ ਪ੍ਰਤੀ ਜਾਣਕਾਰੀ ਦੇਣ ਲਈ ਜਾਗਰੂਕਤਾ ਪੈਂਫਲਿਟ ਵੰਡੇ ਜਾ ਰਹੇ ਹਨ।

ਘਰਾਂ ਵਿੱਚ ਖੜੇ ਪਾਣੀ ਵਿੱਚ ਪੈਦਾ ਹੋ ਰਹੇ ਮੱਛਰਾਂ ਦੇ ਲਾਰਵੇ ਨੂੰ ਮੌਕੇ ਤੇ ਨਸ਼ਟ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਅਜੈਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਸਾਰਿਆਂ ਨੂੰ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਘਰਾਂ ਵਿੱਚ ਵਾਧੂ ਬਰਤਨ ਜਿਵੇਂ ਟਾਇਰ, ਟੁੱਟੇ ਘੜੇ ਅਤੇ ਗਮਲੇ ਵਿੱਚ ਪਾਣੀ ਖੜਣ ਨਹੀਂ ਦੇਣਾ ਚਾਹੀਦਾ। ਇਸ ਸਮੇਂ ਭਗਵਾਨ ਦਾਸ ਅਤੇ ਲਾਲ ਚੰਦ ਹੈਲਥ ਇੰਸਪੈਕਟਰ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਉਪਲੱਬਧ ਹੈ। ਉਹਨਾਂ ਦੱਸਿਆ ਕਿ ਤੇਜ ਬੁਖਾਰ ਹੋਣਾ, ਸਿਰ ਦਰਦ, ਅੱਖਾਂ, ਜੋੜਾਂ ਅਤੇ ਸਰੀਰ ਵਿੱਚ ਦਰਦ, ਭੁੱਖ ਘੱਟ ਲੱਗਣਾ ਆਦਿ ਲੱਛਣ ਆਉਣ ਤਾਂ ਨੇੜੇ ਦੇ ਸਿਵਲ ਹਸਪਤਾਲ ਵਿੱਚ ਜਾ ਕੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ। ਡੇਂਗੂ ਪੌਜ਼ੀਟਿਵ ਆਉਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਸੰਪੂਰਨ ਇਲਾਜ ਕਰਵਾਇਆ ਜਾਵੇ। Author: Malout Live